ਆਲਮੀ ਪੱਧਰ 'ਤੇ ਸ਼ੇਅਰ ਬਾਜ਼ਾਰ ਮੂਧੇ-ਮੂੰਹ ਡਿੱਗਿਆ, ਨਿਵੇਸ਼ਕਾਂ 'ਚ ਹਾਹਾਕਾਰ

02/07/2018 3:46:32 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਮੰਗਲਵਾਰ ਨੂੰ ਸ਼ੇਅਰ ਬਜ਼ਾਰ ਦੀ ਗਿਰਾਵਟ ਆਲਮੀ ਪੱਧਰ 'ਤੇ ਵੇਖਣ ਨੂੰ ਮਿਲੀ ਜਿਸ ਨੇ ਆਸਟ੍ਰੇਲੀਅਨ ਸ਼ੇਅਰ ਬਾਜ਼ਾਰ ਨੂੰ ਵੀ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਬੀਤੇ ਸੋਮਵਾਰ ਅਤੇ ਮੰਗਲਵਾਰ ਨੂੰ ਕੁੱਲ ਮਿਲਾ ਕੇ 90 ਬਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 5 ਫੀਸਦੀ ਵੱਧ ਹੈ।ਵਾਲ ਸਟਰੀਟ ਦੇ ਆਰਥਿਕ ਮਾਹਰਾਂ ਵੱਲੋ ਕੌਮਾਂਤਰੀ ਪੱਧਰ 'ਤੇ ਸ਼ੇਅਰ ਬਜ਼ਾਰ ਦੀ ਗਿਰਾਵਟ ਪੂਰੇ ਏਸ਼ੀਆਈ ਖਿੱਤੇ ਵਿੱਚ ਇਸੇ ਤਰ੍ਹਾਂ ਜਾਰੀ ਰਹਿਣ ਦੇ ਅਨੁਮਾਨ ਲਗਾਏ ਜਾ ਰਹੇ ਹਨ।
ਅਮਰੀਕੀ ਬਜ਼ਾਰ ਵਿੱਚ ਡੋ ਜੋਨਸ 1,175 ਅੰਕ 'ਤੇ ਮੂਧੇ-ਮੂੰਹ ਡਿਗਣ ਤੋਂ ਬਾਅਦ ਇਹ ਗਿਰਾਵਟ ਕੌਮਾਂਤਰੀ ਪੱਧਰ 'ਤੇ ਸੁਨਾਮੀ ਦੀ ਤਰ੍ਹਾਂ ਫੈਲ ਗਈ। ਅਮਰੀਕੀ ਬਾਜ਼ਾਰ ਵਿੱਚ 6 ਸਾਲ ਦੀ ਸੱਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।ਐੱਸ. ਪੀ. ਡੀ-5001.8 ਫੀਸਦੀ, ਨਾਸਡੈਕ 1.3 ਫੀਸਦੀ, ਆਸਟ੍ਰੇਲੀਅਨ (ਏ.ਐੱਸ. ਐਕਸ) 200 ਸੂਚਕ ਅੰਕ ਦੀ ਗਿਰਾਵਟ ਦੇ ਨਾਲ 3.2 ਫੀਸਦੀ ਘੱਟਣ ਨਾਲ 5,833 ਦੇ ਪੱਧਰ ਪਹੁੰਚ ਕੇ ਸ਼ੇਅਰ ਬਜ਼ਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 6 ਫੀਸਦੀ, ਹਾਗਕਾਂਗ ਦਾ ਬਾਜ਼ਾਰ ਹੈੰਗ ਸੇਗ 4.5 ਫੀਸਦੀ, ਚੀਨ ਦੀ ਸ਼ੰਘਾਈ ਕੰਪੋਜਿਟ 2.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੌਮਾਂਤਰੀ ਸ਼ੇਅਰ ਬਾਜ਼ਾਰ ਦੀ ਗਿਰਾਵਟ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ
ਵੇਖਣ ਨੂੰ ਮਿਲਿਆ ਜੋ ਕਿ ਲਗਾਤਾਰ ਤੀਜੇ ਦਿਨ ਸੈਂਸੇਕਸ 561 ਅੰਕ ਦੀ ਗਿਰਾਵਟ ਨਾਲ 34,196 ਅੰਕ, ਨਿਫਟੀ 168 ਅੰਕਾਂ ਦੇ ਨਾਲ 10,498 ਅੰਕਾਂ 'ਤੇ ਬੰਦ ਹੋਇਆਂ। ਸ਼ੁਰੂਆਂਤੀ ਦੌਰ ਵਿੱਚ ਸੈਂਸੇਕਸ 1274 ਪੁੰਆਇੰਟ ਡਿੱਗਣ ਨਾਲ 33482.81 ਨਾਲ ਖੁੱਲ੍ਹਿਆ ਤੇ ਨਿਫਟੀ 390 ਪੁਆਇੰਟ ਦੀ ਗਿਰਾਵਟ ਦੇ ਨਾਲ 10,276.30 'ਤੇ ਦਿਖਾਈ ਦਿੱਤਾ।ਭਾਰਤੀ ਸ਼ੇਅਰ ਬਾਜ਼ਾਰ ਵਿੱਚ 14 ਮਹੀਨੇ ਤੋ ਬਾਅਦ ਇਹ ਸਭ ਤੋ ਵੱਡੀ ਗਿਰਾਵਟ ਹੈ, ਇਸ ਤੋ ਪਹਿਲਾ 11 ਨਵੰਬਰ 2016 ਸੈਂਸੇਕਸ 1689 ਪੁਆਇੰਟ ਡਿੱਗਿਆ ਸੀ, ਜਿਸ ਨਾਲ ਨਿਵੇਸ਼ਕਾਂ ਦੇ ਕਰੀਬ 5 ਲੱਖ ਕਰੋੜ ਰੁਪਏ ਡੁੱਬ ਗਏ ਸਨ। ਆਲਮੀ ਪੱਧਰ 'ਤੇ ਸ਼ੇਅਰ ਬਾਜ਼ਾਰ ਦੀ ਗਿਰਾਵਟ ਨਾਲ ਵੱਡੀ ਗਿਣਤੀ ਵਿੱਚ ਆਰਥਿਕ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।


Related News