ਗਾਜ਼ਾ: ਹਸਪਤਾਲ ਦੇ ਜਨਰੇਟਰਾਂ ਨੂੰ ਘੱਟ ਈਂਧਣ ਦੀ ਸਪਲਾਈ ਕਾਰਨ ਦਾਅ ''ਤੇ ਲੱਗੀ ਨਵਜਨਮੇ ਬੱਚਿਆਂ ਦੀ ਜਾਨ
Monday, Oct 23, 2023 - 12:52 PM (IST)
ਦੀਰ ਅਲ-ਬਲਾਹ/ਗਾਜ਼ਾ ਪੱਟੀ (ਭਾਸ਼ਾ)- ਗਾਜ਼ਾ ਪੱਟੀ ਦੇ ਕੇਂਦਰ ਵਿੱਚ ਸਥਿਤ ਅਲ-ਅਕਸਾ ਹਸਪਤਾਲ ਦੇ ਨਵਜਨਮੇ ਬੱਚਿਆਂ ਦੇ ਵਾਰਡ ਵਿੱਚ ਸ਼ੀਸ਼ੇ ਦੇ 'ਇਨਕਿਊਬੇਟਰ' ਦੇ ਅੰਦਰ ਰੱਖਿਆ ਸਮੇਂ ਤੋਂ ਪਹਿਲਾਂ ਨਵਜੰਮਿਆ ਬੱਚਾ ਰੋ ਰਿਹਾ ਹੈ। ਇਨਕਿਊਬੇਟਰ 'ਚ ਮੌਜੂਦ ਟਿਊਬ ਇਸ ਬੱਚੇ ਦੇ ਸਰੀਰ ਨਾਲ ਜੁੜੀ ਹੋਈ ਹੈ, ਜੋ ਡੂੰਘੇ ਦਰਦ 'ਚ ਨਜ਼ਰ ਆ ਰਿਹਾ ਹੈ। ਇੱਕ ਵੈਂਟੀਲੇਟਰ ਉਸ ਨੂੰ ਸਾਹ ਲੈਣ ਵਿੱਚ ਮਦਦ ਕਰਦਾ ਹੈ, ਇਕ ਟਿਊਬ ਰਾਹੀਂ ਉਸ ਤੱਕ ਦਵਾਈ ਪਹੁੰਚਾਈ ਜਾਂਦੀ ਹੈ ਅਤੇ ਮਾਨੀਟਰ ਉਸ ਦੇ ਨਾਜ਼ੁਕ ਮਹੱਤਵਪੂਰਣ ਲੱਛਣਾਂ ਨੂੰ ਪ੍ਰਦਰਸ਼ਿਤ ਕਰਦਾ ਹਨ। ਬੱਚੇ ਦੀ ਜ਼ਿੰਦਗੀ ਬਿਜਲੀ ਦੇ ਨਿਰੰਤਰ ਵਹਾਅ 'ਤੇ ਟਿਕੀ ਹੈ, ਕਿਉਂਕਿ ਬਿਜਲੀ ਨਾਲ ਚੱਲਣ ਵਾਲੇ ਇਨ੍ਹਾਂ ਯੰਤਰਾਂ ਰਾਹੀਂ ਹੀ ਉਸ ਤੱਕ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਸੰਸਾਧਨ ਪਹੁੰਚਾਏ ਜਾਂਦੇ ਹਨ ਅਤੇ ਜੇਕਰ ਹਸਪਤਾਲ ਨੂੰ ਆਪਣੇ ਜਨਰੇਟਰਾਂ ਲਈ ਈਂਧਣ ਨਹੀਂ ਮਿਲਦਾ ਹੈ ਤਾਂ ਬਿਜਲੀ ਸਪਲਾਈ ਖ਼ਤਮ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਹਾਦਸੇ ਮਗਰੋਂ 66 ਸਾਲਾ ਜਸਮੇਰ ਸਿੰਘ ਦੀ ਕੁੱਟਮਾਰ, ਇਲਾਜ ਦੌਰਾਨ ਤੋੜਿਆ ਦਮ
ਹਸਪਤਾਲ ਦੇ ਡਾਇਰੈਕਟਰ ਇਯਾਦ ਅਬੂ ਜਹਰ ਨੂੰ ਡਰ ਹੈ ਕਿ ਜੇ ਜਨਰੇਟਰ ਬੰਦ ਹੋ ਗਏ ਤਾਂ ਵਾਰਡ ਵਿੱਚ ਮੌਜੂਦੇ ਨਵਜੰਮੇ ਬੱਚਿਆਂ ਦੀ ਆਕਸੀਜਨ ਸਪੋਰਟ ਦੀ ਘਾਟ ਕਾਰਨ ਮੌਤ ਹੋ ਜਾਵੇਗੀ। ਉਨ੍ਹਾਂ ਕਿਹਾ, “ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ।” ਇਹੀ ਡਰ ਪੂਰੇ ਗਾਜ਼ਾ ਵਿੱਚ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਤਾਅ ਰਿਹਾ ਹੈ। ਸਹਾਇਤਾ ਕਰਮਚਾਰੀਆਂ ਨੇ ਕਿਹਾ ਕਿ ਨਿਊਬੋਰਨ ਯੂਨਿਟ ਵਿੱਚ ਦਾਖ਼ਲ, ਸਮੇਂ ਤੋਂ ਪਹਿਲਾਂ ਪੈਦਾ ਹੋਏ ਘੱਟੋ-ਘੱਟ 130 ਬੱਚਿਆਂ ਦੀ ਜ਼ਿੰਦਗੀ "ਬਹੁਤ ਜ਼ਿਆਦਾ ਜੋਖ਼ਮ" ਵਿੱਚ ਹੈ। ਇਜ਼ਰਾਈਲ ਵੱਲੋਂ ਗਾਜ਼ਾ ਦੀ ਘੇਰਾਬੰਦੀ ਕਾਰਨ ਈਂਧਨ ਦੀ ਕਮੀ ਦਾ ਇਹ ਖ਼ਤਰਨਾਕ ਸੰਕਟ ਪੈਦਾ ਹੋਇਆ ਹੈ, ਜਿਸ ਦੀ ਸ਼ੁਰੂਆਤ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਹੋਈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਗਾਜ਼ਾ ਵਿੱਚ ਘੱਟੋ-ਘੱਟ 50,000 ਗਰਭਵਤੀ ਔਰਤਾਂ ਜ਼ਰੂਰੀ ਸਿਹਤ ਸੇਵਾਵਾਂ ਤੱਕ ਪਹੁੰਚਣ ਤੋਂ ਵਾਂਝੀਆਂ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਲਗਭਗ 5,500 ਔਰਤਾਂ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਹਨ। ਇਜ਼ਰਾਈਲ ਦੇ ਲਗਾਤਾਰ ਹਮਲਿਆਂ ਅਤੇ ਬਿਜਲੀ, ਪਾਣੀ ਅਤੇ ਹੋਰ ਸਪਲਾਈਆਂ ਦੀ ਘਾਟ ਕਾਰਨ ਲਗਭਗ 30 ਹਸਪਤਾਲਾਂ ਵਿੱਚੋਂ ਘੱਟੋ-ਘੱਟ 7 ਨੂੰ ਬੰਦ ਕਰਨਾ ਪਿਆ ਹੈ। ਬਾਕੀ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ ਕਿ ਉਹ ਸੰਕਟ ਦੀ ਕਗਾਰ 'ਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।