ਸਿਡਨੀ ਸਥਿਤ ਰੈਸਟੋਰੈਂਟ 'ਚ ਹੋਇਆ ਧਮਾਕਾ, ਜ਼ਿੰਦਾ ਸੜੇ ਦੋ ਲੋਕ

09/04/2017 3:48:28 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ ਸਥਿਤ ਚੀਨੀ ਰੈਸਟੋਰੈਂਟ 'ਚ ਸ਼ਨੀਵਾਰ ਦੀ ਰਾਤ ਤਕਰੀਬਨ 6.30 ਵਜੇ ਧਮਾਕਾ ਹੋ ਗਿਆ, ਜਿਸ ਕਾਰਨ ਦੋ ਲੋਕ ਜ਼ਿੰਦਾ ਸੜ ਗਏ। ਇਹ ਧਮਾਕਾ ਸਿਡਨੀ ਦੇ ਵਾਟਰਲੂ ਸਥਿਤ ਚੀਨੀ ਰੈਸਟੋਰੈਂਟ 'ਚ ਹੋਇਆ। 
ਧਮਾਕੇ ਕਾਰਨ 35 ਅਤੇ 29 ਸਾਲਾ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਮੁਤਾਬਕ ਧਮਾਕੇ 'ਚ 35 ਸਾਲਾ ਵਿਅਕਤੀ ਦਾ ਚਿਹਰਾ ਅਤੇ ਬਾਂਹਾਂ ਬੁਰੀ ਤਰ੍ਹਾਂ ਝੁਲਸ ਗਈਆਂ ਅਤੇ ਉਸ ਨੂੰ ਤੁਰੰਤ ਸੈਂਟ ਵਿਨਸੈਂਟ ਹਸਪਤਾਲ ਪਹੁੰਚਾਇਆ ਗਿਆ। ਇਕ ਹੋਰ 29 ਸਾਲਾ ਵਿਅਕਤੀ ਵੀ ਗੰਭੀਰ ਰੂਪ ਨਾਲ ਝੁਲਸ ਗਿਆ, ਉਸ ਦਾ ਚਿਹਰਾ ਅਤੇ ਸੱਜੀ ਬਾਂਹ ਝੁਲਸ ਗਈ ਅਤੇ ਉਸ ਨੂੰ ਰਾਇਲ ਪ੍ਰਿੰਸ ਐਲਫਰਡ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਅੱਗ 'ਤੇ ਕਾਬੂ ਪਾਉਣ ਲਈ 6 ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਰਿਪੋਰਟ ਮੁਤਾਬਕ ਰੈਸਟੋਰੈਂਟ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਧਮਾਕੇ ਤੋਂ ਬਾਅਦ ਵਾਟਰਲੂ ਦੇ ਨਾਲ ਲੱਗਦੀਆਂ ਦੱਖਣੀ ਡੋਵਲਿੰਗ ਸਟਰੀਟ ਅਤੇ ਬੁਰਕੇ ਸਟਰੀਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਇਸ ਨੂੰ ਮੁੜ ਆਵਾਜਾਈ ਲਈ ਖੋਲ੍ਹਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਅਜੇ ਵੀ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।


Related News