ਕੈਨੇਡਾ ਦੇ ਸ਼ਹਿਰ ਟੈਬਰ 'ਚ ਬਣੀ ਹੜ੍ਹ ਵਰਗੀ ਸਥਿਤੀ

Monday, Mar 26, 2018 - 03:29 PM (IST)

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਟੈਬਰ 'ਚ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਦੱਖਣੀ ਅਲਬਰਟਾ 'ਚ ਠੰਡ ਘੱਟ ਹੋਣ ਕਾਰਨ ਤਾਪਮਾਨ ਗਰਮ ਹੋ ਰਿਹਾ ਹੈ ਅਤੇ ਅਜਿਹੇ 'ਚ ਜੰਮੀ ਹੋਈ ਬਰਫ ਪਿਘਲਣੀ ਸ਼ੁਰੂ ਹੋ ਗਈ ਹੈ। ਬਰਫ ਦੇ ਪਾਣੀ ਨਾਲ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਹਫਤਿਆਂ ਤੋਂ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਟੈਬਰ ਦੇ ਐੱਮ. ਡੀ. ਨੇ ਕਿਹਾ ਕਿ ਇੱਥੇ ਸ਼ੁੱਕਰਵਾਰ ਰਾਤ ਨੂੰ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਅਤੇ ਕਿਹਾ ਜਾ ਰਿਹਾ ਹੈ ਕਿ ਹੜ੍ਹ ਦਾ ਵਹਾਅ ਤੇਜ਼ ਹੋ ਸਕਦਾ ਹੈ। ਇਸ ਮਗਰੋਂ ਸ਼ਨੀਵਾਰ ਨੂੰ ਐਮਰਜੈਂਸੀ ਰੱਦ ਕਰ ਦਿੱਤੀ ਗਈ ਕਿਉਂਕਿ ਬਰਫ ਪਿਘਲਣੀ ਘੱਟ ਹੋ ਗਈ ਸੀ। ਕਿਹਾ ਜਾ ਰਿਹਾ ਹੈ ਕਿ ਅਗਲੇ 2 ਹਫਤਿਆਂ 'ਚ ਮੌਸਮ ਤੇਜ਼ੀ ਨਾਲ ਬਦਲ ਸਕਦਾ ਹੈ ਅਤੇ ਤਾਪਮਾਨ ਵਧਣ ਦੇ ਨਾਲ ਹੜ੍ਹ ਦਾ ਖਤਰਾ ਵੀ ਰਹੇਗਾ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ 'ਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਜਨ-ਜੀਵਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਸੀ। ਬਹੁਤ ਸਾਰੇ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਸੜਕਾਂ 'ਤੇ ਬਰਫ ਪੈਣ ਕਾਰਨ ਵਾਹਨਾਂ ਦਾ ਚੱਲਣਾ ਵੀ ਔਖਾ ਹੋ ਗਿਆ ਸੀ ਅਤੇ ਕਈ ਦੁਰਘਟਨਾਵਾਂ ਵੀ ਵਾਪਰੀਆਂ ਸਨ। ਹੁਣ ਇੱਥੇ ਮੌਸਮ ਬਦਲ ਰਿਹਾ ਹੈ ਜੋ ਲੋਕਾਂ ਲਈ ਰਾਹਤ ਦੀ ਖਬਰ ਹੈ।


Related News