ਫਿੱਟ ਬੱਚਿਆਂ ਦੇ ਜਵਾਨੀ ਦੀ ਉਮਰ 'ਚ ਵੀ ਸਿਹਤਮੰਦ ਹੁੰਦੇ ਹਨ ਫੇਫੜੇ

02/04/2018 9:09:17 AM

ਮੈਲਬੌਰਨ— ਬਚਪਨ ਅਤੇ ਜਵਾਨੀ ਦੀ ਉਮਰ ਵਿਚ ਸਿਹਤਮੰਦ ਰਹਿਣ ਵਾਲੇ ਬੱਚਿਆਂ ਦੇ ਫੇਫੜੇ ਬਾਲਗ ਹੋਣ 'ਤੇ ਵੀ ਸਿਹਤਮੰਦ ਰਹਿੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜਵਾਨੀ ਦੀ ਉਮਰ ਦੇ ਸ਼ੁਰੂਆਤੀ ਦੌਰ 'ਚ ਜਿਨ੍ਹਾਂ ਲੋਕਾਂ ਦੇ ਫੇਫੜੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ, ਉਨ੍ਹਾਂ 'ਚ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਫੇਫੜਿਆਂ ਦੀ ਬੀਮਾਰੀ ਹੋਣ ਦਾ ਖਤਰਾ ਘੱਟ ਹੁੰਦਾ ਹੈ। ਯੂਰਪੀਅਨ ਰੇਸੀਪਰੇਟਰੀ ਮੈਗਜੀਨ ਵਿਚ ਪ੍ਰਕਾਸ਼ਤ ਇਸ ਅਧਿਐਨ 'ਚ ਇਸ ਗੱਲ ਦੇ ਵੀ ਸਬੂਤ ਹਨ ਕਿ ਬੱਚਿਆਂ ਨੂੰ ਸਿਹਤਮੰਦ ਰੱਖਣਾ ਭਵਿੱਖ ਵਿਚ ਉਨ੍ਹਾਂ ਨੂੰ ਫੇਫੜੇ ਦੀ ਬੀਮਾਰੀ ਤੋਂ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ। ਇਸ ਵਿਚ ਕੁੱਲ 2,406 ਬੱਚਿਆਂ ਦਾ ਅਧਿਐਨ ਕੀਤਾ ਗਿਆ। 
ਨਿਊਜ਼ੀਲੈਂਡ ਵਿਚ ਯੂਨੀਵਰਸਿਟੀ ਆਫ ਓਟੈਗੋ ਦੇ ਬੌਬ ਹੈਨਕੌਕਸ ਨੇ ਕਿਹਾ, ''ਅਸੀਂ ਸਰੀਰਕ ਗਤੀਵਿਧੀਆਂ, ਫਿਟਨੈੱਸ ਅਤੇ ਫੇਫੜਿਆਂ ਵਿਚਾਲੇ ਸੰਬੰਧਾਂ ਬਾਰੇ ਬਹੁਤ ਘੱਟ ਜਾਣਦੇ ਹਾਂ। ਇਹ ਸ਼ੋਧ ਦਾ ਬੇਹੱਦ ਮੁਸ਼ਕਲ ਵਿਸ਼ਾ ਹੈ, ਕਿਉਂਕਿ ਬੱਚਿਆਂ ਦੀ ਸਿਹਤ 'ਤੇ ਕਈ ਸਾਲਾਂ ਤੱਕ ਨਜ਼ਰ ਰੱਖਣਾ ਬਹੁਤ ਹੀ ਮਹਿੰਗੀ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ।''
ਹੈਨਕੌਕਸ ਨੇ ਕਿਹਾ, ''ਇਹ ਅਧਿਐਨ ਦਿਖਾਉਂਦਾ ਹੈ ਕਿ ਜੋ ਬੱਚੇ ਸਰੀਰਕ ਰੂਪ ਨਾਲ ਸਿਹਤਮੰਦ ਹੁੰਦੇ ਹਨ, ਉਨ੍ਹਾਂ ਦੇ ਫੇਫੜੇ ਜਵਾਨੀ ਦੀ ਉਮਰ ਵਿਚ ਵੀ ਚੰਗੇ ਰਹਿੰਦੇ ਹਨ। ਸਾਡਾ ਮੰਨਣਾ ਹੈ ਕਿ ਇਸ ਨਾਲ ਇਨ੍ਹਾਂ 'ਚ ਉਮਰ ਢੱਲਣ 'ਤੇ ਵੀ ਫੇਫੜੇ ਦੀ ਬੀਮਾਰੀ ਹੋਣ ਦਾ ਖਤਰਾ ਘੱਟ ਹੋ ਸਕਦਾ ਹੈ।''


Related News