ਨਾਨੀ ਦਾ ਗਲਾ ਦਬਾ ਕੇ ਹੱਤਿਆ ਕਰਨ ਦੇ ਮਾਮਲੇ ’ਚ ਉਮਰ ਕੈਦ, 2 ਬਰੀ
Friday, Dec 12, 2025 - 02:11 AM (IST)
ਜਲੰਧਰ (ਜਤਿੰਦਰ, ਭਾਰਦਵਾਜ) - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਵੱਲੋਂ ਆਪਣੀ ਹੀ ਨਾਨੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ ’ਚ ਦੋਸ਼ ਸਾਬਤ ਹੋ ਜਾਣ ’ਤੇ ਰਕਸ਼ੈ ਪੁੱਤਰ ਸੱਚੀਦਾਨੰਦ ਝਾਅ ਵਾਸੀ ਛੋਟੀ ਬਾਰਾਦਰੀ-2 ਜਲੰਧਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 1 ਲੱਖ 20 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਅਦਾ ਨਾ ਕਰਨ ’ਤੇ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ, ਜਦਕਿ ਇਸੇ ਮਾਮਲੇ ਵਿਚ ਦੋਸ਼ ਸਾਬਤ ਨਾ ਹੋਣ ’ਤੇ ਅਦਾਲਤ ਨੇ ਵਕੀਲ ਨਵਤੇਜ ਸਿੰਘ ਮਿਨਹਾਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਯੋਅਲ ਮਸੀਹ ਉਰਫ਼ ਯੋਧਵੀਰ ਪੁੱਤਰ ਵਿਕਟਰ ਮਸੀਹ ਵਾਸੀ ਜਸਵੰਤ ਨਗਰ ਗੜ੍ਹਾ ਜਲੰਧਰ ਤੇ ਵਿਕਾਸ ਉਰਫ਼ ਨਨੂੰ ਪੁੱਤਰ ਜਗਤਾਰ ਸਿੰਘ ਵਾਸੀ ਮੁਹੱਲਾ ਈਦਗਾਹ ਗੜ੍ਹਾ ਜਲੰਧਰ ਦੋਵਾਂ ਨੂੰ ਅਦਾਲਤ ਨੇ ਬਰੀ ਕਰ ਦੇਣ ਦਾ ਹੁਕਮ ਸੁਣਾਇਆ ਹੈ।
ਇਸ ਮਾਮਲੇ ਵਿਚ ਉਕਤ ਸਾਰਿਆਂ ਦੇ ਵਿਰੁੱਧ 21 ਦਸੰਬਰ 2022 ਨੂੰ ਥਾਣਾ ਸਦਰ ਦੀ ਪੁਲਸ ਨੇ ਪ੍ਰਤਿਮਾ ਪੁੱਤਰੀ ਹਰਮਿੰਦਰ ਪਾਲ ਛਾਬੜਾ ਵਾਸੀ ਉਸਮਾਨਪੁਰ ਜਲੰਧਰ ਦੀ ਸ਼ਿਕਾਇਤ ’ਤੇ ਉਸ ਦੀ ਮਾਤਾ ਵਿਜੇ ਛਾਬੜਾ ਦਾ ਸਿਰਹਾਣੇ ਨਾਲ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦੇਣ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਤੇ ਪੈਸੇ ਲੁੱਟਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਸੀ।
