ਗੈਰ-ਕਾਨੂੰਨੀ ਢੰਗ ਨਾਲ ਰਕਮ ਭੇਜਣ ਲਈ ਗਾਹਕ ਤੇ ਕੰਪਨੀ ਦੇ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾ

Saturday, Jun 13, 2026 - 07:32 PM (IST)

ਗੈਰ-ਕਾਨੂੰਨੀ ਢੰਗ ਨਾਲ ਰਕਮ ਭੇਜਣ ਲਈ ਗਾਹਕ ਤੇ ਕੰਪਨੀ ਦੇ ਮਾਲਕ ਨੂੰ ਹਜ਼ਾਰਾਂ ਯੂਰੋ ਜੁਰਮਾਨਾ

ਮਾਰਕੇ (ਦਲਵੀਰ ਸਿੰਘ ਕੈਂਥ) : ਇਹ ਖ਼ਬਰ ਉਨ੍ਹਾਂ ਪ੍ਰਵਾਸੀਆਂ ਲਈ ਖਾਸ ਹੈ ਜਿਹੜੇ ਇਟਲੀ ਰਹਿਣ ਬਸੇਰਾ ਕਰਦੇ ਹਨ ਪਰ ਇਟਲੀ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ ਜਿਸ ਦੇ ਕਾਰਨ ਅਜਿਹੇ ਲੋਕ ਜਦੋਂ ਕਾਨੂੰਨ ਦੇ ਸਿਕੰਜੇ ਵਿੱਚ ਫਸਦੇ ਹਨ ਤਾਂ ਸਿਵਾਏ ਪਛਤਾਵੇ ਦੇ ਇਹਨਾਂ ਕੋਲ ਕੁਝ ਨਹੀਂ ਹੁੰਦਾ। ਅਜਿਹਾ ਵਾਕਿਆ ਇਟਲੀ ਦੇ ਸੂਬਾ ਮਾਰਕੇ ਵਿਖੇ ਬੀਤੇ ਦਿਨ ਉੇਦੋਂ ਦੇਖਣ ਨੂੰ ਮਿਲਿਆ ਜਦੋਂ ਇਟਲੀ ਦੀ ਵਿੱਤੀ ਪੁਲਸ ਨੇ ਮਚੇਰਾਤਾ ਸ਼ਹਿਰ ਦੀ ਇੱਕ ਮਨੀ ਟ੍ਰਾਂਸਫਰ ਕੰਪਨੀ ਦੇ ਮਾਲਕ ਤੇ ਕਈ ਗਾਹਕਾਂ ਨੂੰ ਮਨੀ ਲਾਂਡਰਿੰਗ ਵਿਰੋਧੀ ਕਾਰਵਾਈਆਂ ਲਈ ਜੁਰਮਾਨਾ ਲਗਾਇਆ।

ਪੁਲਸ ਦਾ ਇਹ ਐਕਸ਼ਨ ਇਲਾਕੇ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਲਈ ਵੱਡਾ ਝਟਕਾ ਹੈ। ਇਟਲੀ ਤੋਂ ਮਨੀ ਟ੍ਰਾਂਸਫਰ ਕੰਪਨੀਆਂ ਰਾਹੀਆਂ ਜਿੰਨੀ ਵੀ ਰਕਮ ਇਟਲੀ ਤੋਂ ਬਾਹਰ ਜਾਂਦੀ ਹੈ, ਉਸ ਦੀ ਦੇਖ-ਰੇਖ ਇਟਲੀ ਦੀ ਵਿੱਤੀ ਪੁਲਸ ਵੱਲੋਂ ਕੀਤੀ ਜਾਂਦੀ ਹੈ। ਵਿੱਤੀ ਪੁਲਸ ਨੇ ਬੀਤੇ ਦਿਨੀਂ ਇੱਕ ਮਨੀ ਟ੍ਰਾਂਸਫਰ ਕੰਪਨੀ ਦਾ ਜਦੋਂ ਹਿਸਾਬ-ਕਿਤਾਬ ਜਾਂਚਿਆ ਤਾਂ ਉਹਨਾਂ ਨੂੰ ਬਹੁਤ ਕੁਝ ਅਜਿਹਾ ਨਜ਼ਰੀ ਆਇਆ ਜਿਹੜਾ ਕਿ ਕਾਨੂੰਨੀ ਉਲੰਘਣ ਸੀ। ਇਟਲੀ ਦਾ ਕੋਈ ਵੀ ਬਾਸਿੰਦਾ ਜਿਹੜਾ ਇਟਲੀ ਤੋਂ ਬਾਹਰ ਯੂਰੋ ਭੇਜਣੇ ਚਾਹੁੰਦਾ ਹੈ ਤਾਂ ਉਹ ਇੱਕ ਹਫ਼ਤੇ ਵਿੱਚ 999,99 ਯੂਰੋ ਹੀ ਭੇਜ ਸਕਦਾ ਹੈ ਇਸ ਤੋਂ ਵੱਧ ਨਹੀਂ ਭੇਜ ਸਕਦਾ ਪਰ ਇਸ ਮਨੀ ਟ੍ਰਾਂਸਫਰ ਕੰਪਨੀ ਦੇ ਰਿਕਾਰਡ ਵਿੱਚ ਅਜਿਹੇ ਗਾਹਕ ਦੇਖੇ ਗਏ ਜਿਹੜੇ ਕਿ ਹਫ਼ਤੇ ਵਿੱਚ ਵੱਖ-ਵੱਖ ਮਨੀ ਟ੍ਰਾਸਫ਼ਰ ਕੰਪਨੀਆਂ ਰਾਹੀ 999,99 ਯੂਰੋ ਤੋਂ ਵੱਧ ਦੀ ਰਕਮ ਇਟਲੀ ਤੋਂ ਬਾਹਰ ਭੇਜ ਰਹੇ ਹਨ।

ਇਸ ਗੋਰਖ਼ ਧੰਦੇ ਨੂੰ ਨੇਪੜੇ ਚਾੜਨ ਵਿੱਚ ਅਹਿਮ ਜਿੰਮੇਵਾਰੀ ਨਿਭਾਈ ਮਨੀ ਟ੍ਰ੍ਰਾਂਸਫਰ ਕੰਪਨੀ ਦੇ ਮਾਲਕ ਨੇ ਜਿਹੜਾ ਕਿ ਆਪਣੇ ਥੋੜੇ ਜਿਹੇ ਮੁਫਾਦ ਲਈ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸਿ਼ਸ ਕਰ ਰਿਹਾ ਸੀ ਪਰ ਅਫ਼ਸੋਸ ਟ੍ਰਾਂਸਫਰ ਕੰਪਨੀ ਮਾਲਕ ਇਹ ਭੁੱਲ ਗਿਆ ਕਿ ਗਾਹਕ ਦਾ ਟੈਕਸ ਕੋਡ (ਕੋਦਿਚ ਫਿਸਕਾਲੇ) ਸਾਰਿਆਂ ਕੰਪਨੀਆਂ ਵਿੱਚ ਇੱਕ ਹੀ ਰਹਿਣਾ ਹੈ ਜਿਸ ਤੋਂ ਵਿੱਤੀ ਪੁਲਸ ਸਹਿਜੇ ਹੀ ਅਜਿਹੇ ਲੋਕਾਂ ਨੂੰ ਕਾਬੂ ਕਰਨ ਵਿੱਚ ਸਫ਼ਲ ਹੋ ਜਾਂਦੀ ਹੈ ਜਿਹੜੇ ਇਹ ਸਮਝ ਦੇ ਕਿ ਉਹਨਾਂ ਦੇ ਕਾਲੇ ਕੰਮਾਂ ਨੂੰ ਕੋਈ ਨਹੀਂ ਦੇਖਦਾ। ਵਿੱਤੀ ਪੁਲਸ ਨੇ ਮਨੀ ਟ੍ਰਾਂਸਫਰ ਕੰਪਨੀ ਦੇ ਉਹਨਾਂ 11 ਗਾਹਕਾਂ ਨੂੰ ਕਾਬੂ ਕੀਤਾ ਜਿਹਨਾਂ ਇੱਕ ਦਿਨ ਵਿੱਚ 1 ਹਜ਼ਾਰ ਤੋਂ ਵੱਧ ਰਕਮ ਇਟਲੀ ਤੋਂ ਬਾਹਰ ਵੱਖ-ਵੱਖ ਮਨੀ ਟ੍ਰਾਂਸਫਰ ਕੰਪਨੀਆਂ ਦੁਆਰਾ ਭੇਜੀ ਗਈ। 

ਵਿੱਤੀ ਪੁਲਸ ਨੇ ਮਨੀ ਟ੍ਰਾਂਸਫਰ ਕੰਪਨੀ ਮਾਲਕ ਤੇ ਗਾਹਕ ਨੂੰ ਹਜ਼ਾਰਾਂ ਯੂਰੋ ਦਾ ਜੁਰਮਾਨਾ ਠੋਕਿਆ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮ੍ਹਣੇ ਆਈ ਕਿ ਮਨੀ ਟ੍ਰਾਂਸਫਰ ਕੰਪਨੀ ਪਿਛਲੇ 14 ਮਹੀਨਿਆਂ ਵਿੱਚ 12000 ਤੋਂ ਵੱਧ ਮਨੀ ਟ੍ਰਾਂਜੈਕਸ਼ਨ ਕੀਤੀ ਹੈ ਜਿਸ ਅਨੁਸਾਰ 3 ਮਿਲੀਅਨ ਤੋਂ ਵੱਧ ਰਕਮ ਇਟਲੀ ਤੋਂ ਬਾਹਰ ਗਈ ਪਰ ਬਹੁਤੇ ਗਾਹਕ ਅਜਿਹੇ ਦੇਖੇ ਗਏ ਜਿਹਨਾਂ ਕਿ ਇਟਲੀ ਦੇ ਕਾਨੂੰਨ ਨੂੰ ਟਿੱਚ ਜਾਣਦਿਆਂ 1000 ਤੋਂ ਵੱਧ ਯੂਰੋ ਇੱਕ ਹਫ਼ਤੇ ਵਿੱਚ ਬਾਹਰ ਭੇਜੇ ਇਹਨਾਂ ਗਾਹਕਾਂ ਵਿੱਚ ਪਾਕਿਸਤਾਨੀ, ਬੰਗਲਾਦੇਸੀ, ਸ਼੍ਰੀ ਲੰਕਾ ਸਮੇਤ ਭਾਰਤੀਆਂ ਦਾ ਉਚੇਚਾ ਜ਼ਿਕਰ ਆ ਰਿਹਾ ਹੈ। ਅਜਿਹੇ ਗਾਹਕ ਅਜਿਹੇ ਵੀ ਦੇਖੇ ਗਏ ਜਿਹਨਾਂ ਦੁਆਰਾ ਕੀਤੀਆਂ ਮਨੀ ਟ੍ਰਾਂਸਫਰ ਦੀਆਂ ਕਾਰਵਾਈਆਂ ਉਹਨਾਂ ਦੇ ਕੰਮ ਵਾਲੇ ਪੇਪਰਾਂ ਨਾਲ ਮੇਲ ਨਹੀਂ ਖਾ ਰਹੀਆਂ ਸਨ ਜਿਸ ਕਾਰਨ ਵਿੱਤੀ ਪੁਲਸ ਨੂੰ ਇਸ ਕੇਸ ਨੂੰ ਬਹੁਤ ਹੀ ਡੂੰਘਾਈ ਨਾਲ ਜਾਂਚ ਕਰਨੀ ਪਈ ਤੇ ਆਖਿਰ ਬਹੁਤ ਨੇ ਉਹਨਾਂ ਸਭ ਲੋਕਾਂ ਨੂੰ ਜੁਰਮਾਨਿਆਂ ਨਾਲ ਸਨਮਾਨਿਆਂ ਜਿਹੜੇ ਕਿ ਚੋਰ ਮੋਰੀਆਂ ਰਾਹੀ ਇਟਲੀ ਤੋਂ ਬਾਹਰ ਯੂਰੋ ਭੇਜ ਦੇ ਸਨ।

ਜ਼ਿਕਰਯੋਗ ਹੈ ਇਟਲੀ ਵਿੱਚ ਬਹੁਤੇ ਰਹਿਣ ਬਸੇਰਾ ਕਰਦੇ ਪ੍ਰਵਾਸੀ ਅਕਸਰ ਆਪਣੇ ਪਰਿਵਾਰਾਂ ਨੂੰ ਯੂਰੋ ਭੇਜਦੇ ਰਹਿੰਦੇ ਹਨ ਪਰ ਉਹਨਾਂ ਵਿਚੋਂ ਬਹੁਤੇ ਭੁੱਲ ਜਾਂਦੇ ਹਨ ਉਹਨਾਂ ਦੀ ਮਹੀਨਾ ਆਮਦਨ ਹੈ 1500 ਯੂਰੋ ਤੇ ਉਹ 3000 ਯੂਰੋ ਇਟਲੀ ਤੋਂ ਬਾਹਰ ਭੇਜਦੇ ਹਨ ਅਜਿਹੇ ਪ੍ਰਵਾਸੀਆਂ ਦੀ ਵੀ ਇਟਲੀ ਦੀ ਵਿੱਤੀ ਪੁਲਸ ਵਿਸੇ਼ਸ ਪੁਣ-ਛਾਣ ਕਰ ਰਹੀ ਹੈ ਕਿ ਆਪਣੀ ਆਮਦਨ ਤੋਂ ਵੱਧ ਰਾਸ਼ੀ ਇਟਲੀ ਤੋਂ ਬਾਹਰ ਕਿਵੇਂ ਭੇਜ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News