ਅਮਰੀਕਾ ’ਚ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਫੇਸ ਮਾਸਕ ਨਹੀਂ ਹਨ ਜ਼ਰੂਰੀ : ਸੀ. ਡੀ. ਸੀ.

Friday, Jul 02, 2021 - 11:43 AM (IST)

ਅਮਰੀਕਾ ’ਚ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਫੇਸ ਮਾਸਕ ਨਹੀਂ ਹਨ ਜ਼ਰੂਰੀ : ਸੀ. ਡੀ. ਸੀ.

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸੰਸਥਾ 'ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' (ਸੀ. ਡੀ. ਸੀ.) ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਟੀਕੇ ਲੱਗੇ ਹੋਣ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਵਿਰੁੱਧ ਅੰਦਰੂਨੀ ਸਥਾਨਾਂ 'ਤੇ ਚਿਹਰੇ ਦੇ ਮਾਸਕ ਦੀ ਜ਼ਰੂਰਤ ਨਹੀਂ ਹੈ। ਸੀ. ਡੀ. ਸੀ. ਦੀ ਡਾਇਰੈਕਟਰ ਡਾ. ਰੋਸ਼ੇਲ ਵਾਲੈਂਸਕੀ ਨੇ ਬੁੱਧਵਾਰ ਦੱਸਿਆ ਕਿ ਪੂਰੀ ਤਰ੍ਹਾਂ ਵੈਕਸੀਨ ਲੱਗੇ ਹੋਣ ਦੀ ਸੂਰਤ ਵਿੱਚ ਵਾਇਰਸ ਦੇ ਰੂਪਾਂ ਤੋਂ ਸੁਰੱਖਿਆ ਪ੍ਰਦਾਨ ਹੁੰਦੀ ਹੈ ਅਤੇ ਵਾਲੈਂਸਕੀ ਅਨੁਸਾਰ ਸੀ. ਡੀ. ਸੀ. ਦੁਆਰਾ ਚਿਹਰੇ ਦੇ ਮਾਸਕ ਦੀਆਂ ਜ਼ਰੂਰਤਾਂ ਸਬੰਧੀ ਫੈਸਲੇ ਸਟੇਟਾਂ ਉੱਪਰ ਛੱਡੇ ਜਾਣਗੇ।

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸ਼ੁੱਕਰਵਾਰ ਸੁਝਾਅ ਦਿੱਤਾ ਸੀ ਕਿ ਪੂਰੀ ਤਰ੍ਹਾਂ ਟੀਕੇ ਲਗਾਏ ਹੋਏ ਲੋਕਾਂ ਨੂੰ ਜਿੱਥੇ ਸੰਭਵ ਹੋਵੇ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਅਜੇ ਵੀ ਫੇਸ ਮਾਸਕ ਦੀ ਜ਼ਰੂਰਤ ਹੈ ਪਰ ਵਾਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਡਬਲਯੂ. ਐੱਚ. ਓ. ਦੇ ਸੁਝਾਅ ਨੂੰ ਉਨ੍ਹਾਂ ਦੇਸ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਥੇ ਕੋਵਿਡ-19 ਟੀਕਾਕਰਨ ਦੀ ਦਰ ਬਹੁਤ ਘੱਟ ਜਾਂ ਬਿਲਕੁੱਲ ਨਹੀਂ ਹੈ। ਇਸ ਲਈ ਪੂਰੀ ਤਰ੍ਹਾਂ ਟੀਕੇ ਲਗਵਾਏ ਹੋਏ ਲੋਕਾਂ ਨੂੰ ਡੈਲਟਾ ਵੇਰੀਐਂਟ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਭਾਰਤ ਵਿਚ ਸਭ ਤੋਂ ਪਹਿਲਾਂ ਲੱਭੇ ਗਏ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਹੁਣ ਤੱਕ ਘੱਟੋ-ਘੱਟ 96 ਦੇਸ਼ਾਂ ਵਿੱਚ ਪਛਾਣ ਕੀਤੀ ਗਈ ਹੈ। ਟੈਸਟ ਦਿਖਾਉਂਦੇ ਹਨ ਕਿ ਮੋਡਰਨਾ ਟੀਕਾ ਡੈਲਟਾ ਕੋਰੋਨਾ ਵਾਇਰਸ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਦਿਖਦਾ ਹੈ ਅਤੇ ਇਕ ਹੋਰ ਅਧਿਐਨ ਨੇ ਦਿਖਾਇਆ ਕਿ ਫਾਈਜ਼ਰ-ਬਾਇਓਨਟੈਕ ਟੀਕੇ ਦੀਆਂ ਦੋ ਖੁਰਾਕਾਂ ਤੋਂ ਬਾਅਦ 88% ਪ੍ਰਭਾਵਸ਼ਾਲੀ ਹੈ, ਜਦਕਿ ਡੈਲਟਾ ਵੇਰੀਐਂਟ ਦੇ ਵਿਰੁੱਧ ਜੌਹਨਸਨ ਐਂਡ ਜੌਹਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਦੀ ਪ੍ਰਭਾਵਸ਼ੀਲਤਾ ਬਾਰੇ ਕੋਈ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ।


author

Manoj

Content Editor

Related News