ਯੂਰਪ ਦੇ ਮਹਾਰਾਜਾ ਦੇਸ਼ ਜਰਮਨ ''ਚ ਹੋਈਆਂ ਚੋਣਾਂ ''ਚ ਭਾਰਤੀਆਂ ਨੇ ਜਿੱਤ ਦਾ ਰਚਿਆ ਇਤਿਹਾਸ
Sunday, Mar 21, 2021 - 06:01 PM (IST)
ਰੋਮ/ਇਟਲੀ (ਦਲਵੀਰ ਕੈਂਥ): ਭਾਰਤੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਦੇਸ਼ ਵਿੱਚ ਜਾ ਕੇ ਵਸਦੇ ਹੋਣ ਪਰ ਇਹ ਆਪਣੀ ਇਮਾਨਦਾਰੀ, ਸਖ਼ਤ ਮਿਹਨਤ ਸਦਕਾ ਇੱਕ ਨਾ ਇੱਕ ਦਿਨ ਕਾਮਯਾਬੀ ਦੇ ਝੰਡੇ ਜ਼ਰੂਰ ਬੁਲੰਦ ਕਰਦੇ ਹਨ। ਫਿਰ ਭਾਵੇਂ ਉਦਯੋਗਿਕ ਖੇਤਰ ਹੋਵੇ ਵਿਦਿਅਕ ਜਾਂ ਫਿਰ ਰਾਜਨੀਤੀ ਆਦਿ ਹੋਵੇ। ਇਸ ਗੱਲ ਨੂੰ ਇੱਕ ਵਾਰ ਫਿਰ ਸੱਚ ਸਾਬਤ ਕਰ ਦਿਖਾਇਆ ਯੂਰਪ ਦੇ ਮਹਾਰਾਜਾ ਦੇਸ਼ ਵਜੋਂ ਜਾਣੇ ਜਾਂਦੇ ਜਰਮਨ ਦੇ ਭਾਰਤੀਆਂ ਨੇ, ਜਿੱਥੇ ਸ਼ਹਿਰ ਫਰੈਂਕਫੋਰਟ ਵਿੱਚ ਵਿਦੇਸ਼ੀ ਸਿਟੀ ਕੌਂਸਲਰ ਲਈ ਚੋਣਾਂ ਹੋਈਆਂ, ਜਿਸ ਵਿੱਚ ਕੁੱਲ 37 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ।
ਭਾਰਤੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਰਹੀ ਕਿ ਇਨ੍ਹਾਂ ਉਮੀਦਵਾਰਾਂ ਵਿਚੋਂ 13 ਭਾਰਤੀ ਮੂਲ ਦੇ ਲੋਕਾਂ ਨੇ ਜਿੱਤ ਦਰਜ ਕੀਤੀ ਅਤੇ ਜਿਹਨਾਂ ਵਿੱਚੋ 2 ਪੰਜਾਬੀ ਮੂਲ ਦੇ ਉਮੀਦਵਾਰ ਨਰਿੰਦਰ ਸਿੰਘ ਘੌਤੜਾ ਤੇ ਹਰਪ੍ਰੀਤ ਕੌਰ ਨੇ ਵੀ ਜਿੱਤ ਦੇ ਝੰਡੇ ਬੁਲੰਦ ਕਰਕੇ ਪੰਜਾਬੀਆਂ ਦੀ ਬੱਲੇ ਬੱਲੇ ਕਰਾਈ।ਇਨ੍ਹਾਂ ਚੋਣਾਂ ਵਿੱਚ ਸਿਟੀ ਪਾਰਲੀਮੈਂਟ ਫਰੈਂਕਫੋਰਟ ਲਈ ਫਰਾਈ ਬਿਹਲਰ ਪਾਰਟੀ ਦੇ ਉਮੀਦਵਾਰ ਰਾਹੁਲ ਕੁਮਾਰ ਅਤੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ, ਜਿਹਨਾਂ ਵਿੱਚ ਡਾ: ਮਨੀਸ਼ ਗੁਲਾਟੀ, ਸੁਰਿੰਦਰ ਕੁਮਾਰ, ਪ੍ਰਿਆ ਰਸਤੋਗੀ, ਨਰਿੰਦਰ ਸਿੰਘ ਘੋਤਰਾ, ਕਰੀਤੀ ਕੁਮਾਰ, ਅਸ਼ਵਨੀ ਕੁਮਾਰ ਤਿਵਾੜੀ, ਕਿਸ਼ਨ ਅਗਰਵਾਲ, ਤਰੁਣ ਕਾਲੜਾ, ਵਿਨੈ ਕੁਮਾਰ, ਹਰਪ੍ਰੀਤ ਕੌਰ, ਰਾਜੀਵ ਮਹਾਜਨ, ਸਫਾਲੀ ਸੋਨੀ, ਪ੍ਰਦੀਪ ਸੋਨੀ ਆਦਿ ਸ਼ਾਮਿਲ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਕੈਨੇਡਾ ਦੀ ਸੰਸਦ 'ਚ ਮਿਲਿਆ ਅਹਿਮ ਅਹੁਦਾ
ਇਹਨਾਂ ਉਮੀਦਵਾਰਾ ਨੇ ਜਿੱਤ ਹਾਸਲ ਕਰਕੇ ਭਾਰਤੀ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ, ਦੂਜੇ ਪਾਸੇ ਜਰਮਨ ਵਿੱਚ ਵਸਦੇ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਲੋਂ ਇਨ੍ਹਾਂ ਜਿੱਤੇ ਉਮੀਦਵਾਰਾਂ ਨੂੰ ਮੀਡੀਏ ਰਾਹੀਂ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।ਇਸ ਜਿੱਤ ਨਾਲ ਜਰਮਨ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਹ ਉਪਲਬਧੀ ਜਰਮਨੀ ਵਸਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਤੇ ਸਾਰੇ ਭਾਈਚਾਰੇ ਵੱਲੋ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਿੱਤੇ ਉਮੀਦਵਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਰਮਨ ਵਿੱਚ ਆ ਰਹੀਆਂ ਭਾਰਤੀ ਭਾਈਚਾਰੇ ਨੂੰ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।