ਆਸਟ੍ਰੇਲੀਆਈ ਸ਼ੋਧਕਰਤਾ ਰਾਜਸਥਾਨ 'ਚ ਉਪਲਬਧ ਕਰਾਉਣਗੇ ਪੀਣ ਲਈ ਸਾਫ ਪਾਣੀ

10/04/2017 1:06:08 PM

ਮੈਲਬੌਰਨ (ਭਾਸ਼ਾ)— ਐਡੀਲੇਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਆਸਾਨ ਅਤੇ ਘੱਟ ਲਾਗਤ ਨਾਲ ਪਾਣੀ ਨੂੰ ਸਾਫ ਕਰਨ ਵਾਲੀਆਂ ਕਿੱਟਾਂ ਦੀ ਵਰਤੋਂ ਕਰਕੇ ਮਾਰੂਥਲ ਸੂਬੇ ਰਾਜਸਥਾਨ ਵਿਚ ਸਾਫ ਪਾਣੀ ਉਪਲਬਧ ਕਰਾਉਣ ਦੀ ਯੋਜਨਾ ਬਣਾਈ ਹੈ। ਰਾਜਸਥਾਨ ਦੀ ਆਬਾਦੀ ਲੱਗਭਗ 8 ਕਰੋੜ ਹੈ ਅਤੇ ਇਹ ਦੱਖਣੀ ਆਸਟ੍ਰੇਲੀਆ ਦਾ ਸਹਿਯੋਗੀ ਰਾਜ ਹੈ। ਇਸ ਦਾ ਵਿਕਾਸ ਕਾਫੀ ਹੱਦ ਤੱਕ ਜਲ ਪ੍ਰਬੰਧਨ 'ਤੇ ਨਿਰਭਰ ਕਰਦਾ ਹੈ। 
ਇਹ ਸਵੈ-ਪ੍ਰਬੰਧਨ ਕਿੱਟ ਸੂਰਜ ਦੀ ਰੋਸ਼ਨੀ ਅਤੇ ਗੁਰਤਾ ਬਲ ਨਾਲ ਚੱਲਣਗੇ, ਜੋ ਖਾਸ ਡਿਜ਼ਾਈਨ ਅਤੇ ਬੁਨਿਆਦੀ ਸਮੱਗਰੀ ਨਾਲ ਇਕ ਦਿਨ ਵਿਚ 10 ਲੀਟਰ ਤੱਕ ਪੀਣ ਵਾਲਾ ਪਾਣੀ ਉਪਲਬਧ ਕਰਾਵਾਏਗਾ। ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਨੇ ਕਿੱਟਾਂ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਜ਼ਰੂਰੀ ਸ਼ੋਧ ਦੇ ਵਿੱਤਪੋਸ਼ਣ ਲਈ ਮੰਗਲਵਾਰ ਨੂੰ ਆਪਣਾ ਪਹਿਲਾ ਅਧਿਕਾਰਿਕ ਜਨ ਸੰਪਰਕ ਪ੍ਰੋਜੈਕਟ ਜਾਰੀ ਕੀਤਾ। 
ਯੂਨੀਵਰਸਿਟੀ ਦਾ 1000 ਕਿੱਟ ਬਣਾਉਣ ਦਾ ਟੀਚਾ ਹੈ, ਜਿਸ ਲਈ 30,000 ਆਸਟ੍ਰੇਲੀਆਈ ਡਾਲਰ ਦੀ ਲਾਗਤ ਆਵੇਗੀ। ਰਾਜਸਥਾਨ ਵਿਚ ਇਕ ਪਰਿਵਾਰ ਨੂੰ 30 ਡਾਲਰ ਦੀ ਕੀਮਤ ਵਿਚ ਪਾਣੀ ਨੂੰ ਸਾਫ ਕਰਨ ਵਾਲੀ ਇਕ ਕਿੱਟ ਦਿੱਤੀ ਜਾਵੇਗੀ, ਜੋ ਪ੍ਰਤੀ ਘੰਟਾ 10 ਲੀਟਰ ਦੂਸ਼ਿਤ ਪਾਣੀ ਨੂੰ ਸਾਫ ਪਾਣੀ ਵਿਚ ਬਦਲੇਗੀ ਅਤੇ ਨਾਲ ਹੀ ਖਾਣਾ ਪਕਾਉਣ ਲਈ ਜ਼ਰੂਰੀ ਪਾਣੀ ਉਪਲਬਧ ਕਰਵਾਏਗੀ।


Related News