ਜੰਮੂ ਕਸ਼ਮੀਰ ''ਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਦਾ ਖ਼ਤਰਾ ਹੋਇਆ ਘੱਟ

04/30/2024 4:57:06 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਕੁਪਵਾੜਾ ਅਤੇ ਕੁਝ ਹੇਠਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਹਿੱਸਿਆਂ 'ਚ ਹੜ੍ਹ ਦਾ ਖ਼ਤਰਾ ਮੰਗਲਵਾਰ ਨੂੰ ਘੱਟ ਹੋ ਗਿਆ, ਕਿਉਂਕਿ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਬਾਰਿਸ਼ ਦੇ ਸੋਮਵਾਰ ਦੇਰ ਰਾਤ ਰੁਕਣ ਤੋਂ ਬਾਅਦ ਜੇਹਲਮ ਨਦੀ ਸਮੇਤ ਘਾਟੀ ਦੇ ਹੋਰ ਜਲ ਸਰੋਤਾਂ 'ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਅਧਿਕਾਰੀਆਂ ਨੇ ਕਿਹਾ ਕਿ ਨਦੀ ਦੇ ਹੇਠਲੇ ਇਲਾਕਿਆਂ 'ਚ ਪਾਣੀ ਦਾ ਪੱਧਰ ਕੁਝ ਘੰਟਿਆਂ ਤੱਕ ਵਧਦਾ ਰਿਹਾ ਅਤੇ ਮੰਗਲਵਾਰ ਤੜਕੇ ਪੁਲਵਾਮਾ ਦੇ ਪੰਪੋਰ ਅਤੇ ਸ਼੍ਰੀਨਗਰ ਦੇ ਰਾਮ ਮੁੰਸ਼ੀ ਬਾਗ 'ਚ ਹੜ੍ਹ ਦੀ ਚਿਤਾਵਨੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਪਰ ਹੁਣ ਪਾਣੀ ਦਾ ਪੱਧਰ ਘੱਟ ਹੋਣ ਲੱਗਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਰ ਰਾਤ ਜੇਹਲਮ ਨਦੀ ਦਾ ਪਾਣੀ ਦਾ ਪੱਧਰ ਵੀ ਅਨੰਤਨਾਗ ਜ਼ਿਲ੍ਹੇ ਦੇ ਸੰਗਮ 'ਚ ਹੜ੍ਹ ਦੀ ਚਿਤਾਵਨੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਪਰ ਜਦੋਂ ਰਾਤ 11 ਵਜੇ ਦੇ ਨੇੜੇ-ਤੇੜੇ ਬਾਰਿਸ਼ ਰੁਕੀ ਤਾਂ ਪਾਣੀ ਦਾ ਪੱਧਰ ਹੁਣ ਘੱਟ ਹੋ ਰਿਹਾ ਹੈ। ਕਸ਼ਮੀਰ 'ਚ ਸ਼ੁੱਕਰਵਾਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜਲ ਸਰੋਤਾਂ 'ਚ ਹੜ੍ਹ ਆ ਗਿਆ ਹੈ।

PunjabKesari

ਕੁਪਵਾੜਾ ਜ਼ਿਲ੍ਹੇ 'ਚ ਪੋਹਰੂ ਨਾਲਾ ਦਾ ਪਾਣੀ ਕਿਨਾਰਿਆਂ ਦੇ ਉੱਪਰੋਂ ਵਗਣ ਲੱਗਾ, ਜਿਸ ਦੇ ਨਤੀਜੇ ਵਜੋਂ ਸਰਹੱਦੀ ਜ਼ਿਲ੍ਹੇ 'ਚ ਅਚਾਨਕ ਹੜ੍ਹ ਆ ਗਿਆ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕੁਪਵਾੜਾ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਰਕਾਰ ਤੋਂ ਖੇਤਰ 'ਚ ਹੜ੍ਹ ਪੀੜਤਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਅਪੀਲ ਕੀਤੀ। ਅਬਦੁੱਲਾ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਅਸੀਂ 2014 ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਜਲਵਾਯੂ ਪਰਿਵਰਤਨ ਹੋ ਰਿਹਾ ਹੈ, ਦੁਬਈ ਵਰਗੀ ਜਗ੍ਹਾ, ਜੋ ਇਕ ਰੇਗਿਸਤਾਨ ਹੈ, ਉੱਥੇ ਸਿਰਫ਼ ਇਕ ਦਿਨ 'ਚ 18 ਮਹੀਨੇ ਦੇ ਬਰਾਬਰ ਬਾਰਿਸ਼ ਹੋਈ। ਸਾਨੂੰ ਬਦਲਦੀ ਜਲਵਾਯੂ ਅਨੁਸਾਰ ਖ਼ੁਦ ਨੂੰ ਬਦਲਣਾ ਹੋਵੇਗਾ।'' ਪੀਪਲਜ਼ ਕਾਨਫਰੰਸ ਦੇ ਨੇਤਾ ਸੱਜਾਦ ਲੋਨ ਨੇ ਵੀ ਕੁਪਵਾੜਾ ਅਤੇ ਹੰਦਵਾੜਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਅਬਦੁੱਲਾ ਅਤੇ ਲੋਨ ਬਾਰਾਮੂਲਾ ਲੋਕ ਸਭਾ ਖੇਤਰ ਤੋਂ ਚੋਣ ਲੜ ਰਹੇ ਹਨ, ਜਿੱਥੇ 20 ਮਈ ਨੂੰ ਵੋਟਿੰਗ ਹੋਣੀ ਹੈ। ਸ਼੍ਰੀਨਗਰ ਸਮੇਤ ਕਸ਼ਮੀਰ ਦੇ ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਜਿਸ ਨਾਲ ਵਾਹਕ ਚਾਲਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਸਰਕਾਰ ਨੇ ਚੌਕਸੀ ਵਜੋਂ ਮੰਗਲਵਾਰ ਨੂੰ ਘਾਟੀ ਦੇ ਸਾਰੇ ਸਕੂਲ ਬੰਦ ਕਰ ਦਿੱਤੇ। ਕਸ਼ਮੀਰ ਯੂਨੀਵਰਸਿਟੀ ਨੇ ਵੀ ਮੰਗਲਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News