ਰਾਜਸਥਾਨ ਨੂੰ ਹਰਾ ਕੇ ਅੰਕ ਸੂਚੀ ’ਚ ਚੋਟੀ ’ਤੇ ਪਹੁੰਚਣ ਦੀ ਕੋਸ਼ਿਸ਼ ’ਚ ਕੋਲਕਾਤਾ
Monday, Apr 15, 2024 - 07:59 PM (IST)
ਕੋਲਕਾਤਾ, (ਭਾਸ਼ਾ)– ਰਾਜਸਥਾਨ ਰਾਇਲਜ਼ ਦੀ ਟੀਮ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਇੱਥੇ ਜਦੋਂ ਦੋ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਅਾਰ.) ਨਾਲ ਭਿੜੇਗੀ ਤਾਂ ਉਸਦੇ ਬੱਲੇਬਾਜ਼ਾਂ ਦੇ ਸਾਹਮਣੇ ਈਡਨ ਗਾਰਡਨਸ ’ਤੇ ਸੁਨੀਲ ਨਾਰਾਇਣ ਦੀ ਗੇਂਦਬਾਜ਼ੀ ਦਾ ਜਵਾਬ ਲੱਭਣ ਦੀ ਚੁਣੌਤੀ ਹੋਵੇਗੀ। ਅਗਲੇ ਮਹੀਨੇ 36 ਸਾਲ ਦੇ ਹੋਣ ਜਾ ਰਹੇ ਨਾਰਾਇਣ ਨੇ 2012 ਤੇ 2014 ਵਿਚ ਸਾਬਕਾ ਕਪਤਾਨ ਗੌਤਮ ਗੰਭੀਰ ਦੀ ਅਗਵਾਈ ਵਿਚ ਕੇ. ਕੇ. ਆਰ. ਦੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 2012 ਵਿਚ ਨਾਈਟ ਰਾਈਡਰਜ਼ ਦਾ ਹਿੱਸਾ ਬਣਨ ਤੋਂ ਬਾਅਦ ਤੋਂ ਨਾਰਾਇਣ ਨੇ ਈਡਨ ਗਾਰਡਨਸ ’ਤੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਮੈਂਟੋਰ ਦੇ ਰੂਪ ਵਿਚ ਟੀਮ ਵਿਚ ਗੰਭੀਰ ਦੀ ਵਾਪਸੀ ਤੋਂ ਬਾਅਦ ਨਾਰਾਇਣ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਖਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਕਰ ਦਿੱਤਾ ਹੈ।
ਅੰਕ ਸੂਚੀ ਵਿਚ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਵਿਚ ਜੇਕਰ ਕੇ. ਕੇ. ਆਰ. ਜਿੱਤ ਦਰਜ ਕਰਦੀ ਹੈ ਤਾਂ 10 ਟੀਮਾਂ ਦੀ ਅੰਕ ਸੂਚੀ ਵਿਚ ਉਹ ਚੋਟੀ ’ਤੇ ਪਹੁੰਚ ਜਾਵੇਗੀ। ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਕੇ. ਕੇ. ਆਰ. ਦੀ 8 ਵਿਕਟਾਂ ਦੀ ਜਿੱਤ ਵਿਚ ਫਿਲ ਸਾਲਟ ਨੂੰ ਅਜੇਤੂ ਤੂਫਾਨੀ ਅਰਧ ਸੈਂਕੜਾ ਲਾਉਣ ਲਈ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਪਰ ਉਹ ਨਾਰਾਇਣ ਸੀ, ਜਿਸ ਦੀ ਕਫਾਇਤੀ ਗੇਂਦਬਾਜ਼ੀ ਸਾਹਮਣੇ ਲਖਨਊ ਦੀ ਟੀਮ 7 ਵਿਕਟਾਂ ’ਤੇ 161 ਦੌੜਾਂ ਹੀ ਬਣਾ ਸਕੀ। ਮੌਜੂਦਾ ਸੈਸ਼ਨ ਵਿਚ 155 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਰਾਇਲਜ਼ ਦੇ ਸੰਜੂ ਸੈਮਸਨ, ਰਿਆਨ ਪ੍ਰਾਗ ਤੇ ਸ਼ਿਮਰੋਨ ਹੈੱਟਮਾਇਰ ਵਰਗੇ ਬੱਲੇਬਾਜ਼ਾਂ ਨੂੰ ਹਾਲਾਂਕਿ ਨਾਰਾਇਣ ਦੀ ਚੁਣੌਤੀ ਦਾ ਹੱਲ ਲੱਭਣਾ ਪਵੇਗਾ।
ਇਹ ਦੇਖਣਾ ਹੋਵੇਗਾ ਕਿ ਜੋਸ ਬਟਲਰ ਇਸ ਮੁਕਾਬਲੇ ਲਈ ਫਿੱਟ ਹੈ ਜਾਂ ਨਹੀਂ। ਉਹ ਪੰਜਾਬ ਕਿੰਗਜ਼ ਵਿਰੁੱਧ ਰਾਇਲਜ਼ ਦੇ ਪਿਛਲੇ ਮੈਚ ਵਿਚ ਨਹੀਂ ਖੇਡ ਸਕਿਆ ਸੀ। ਮੌਜੂਦਾ ਸੈਸ਼ਨ ਵਿਚ ਨਾਰਾਇਣ ਬੱਲੇ ਤੋਂ ਵੀ ਕਾਫੀ ਚੰਗੀ ਫਾਰਮ ਵਿਚ ਹੈ ਤੇ ਉਸ ਨੇ 183.51 ਦੀ ਸਟ੍ਰਾਈਕ ਰੇਟ ਨਾਲ 33 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਆਈ. ਪੀ. ਐੱਲ. ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਮਿਸ਼ੇਲ ਸਟਾਰਕ ਨੇ ਵੀ ਸੁਪਰ ਜਾਇੰਟਸ ਵਿਰੁੱਧ ਪਿਛਲੇ ਮੈਚ ਵਿਚ ਲੈਅ ਹਾਸਲ ਕਰਦੇ ਹੋਏ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਇਸ ਮੈਚ ਵਿਚ ਮੁੱਖ ਮੁਕਾਬਲਾ ਕੇ. ਕੇ. ਆਰ. ਦੀ ਗੇਂਦਬਾਜ਼ੀ ਤੇ ਰਾਇਲਜ਼ ਦੀ ਬੱਲੇਬਾਜ਼ੀ ਵਿਚਾਲੇ ਹੋਵੇਗਾ।
ਕੇ. ਕੇ. ਆਰ. ਦੀ ਇਕਲੌਤੀ ਕਮਜ਼ੋਰ ਕੜੀ ਉਸਦਾ ਕਪਤਾਨ ਸ਼੍ਰੇਅਸ ਅਈਅਰ ਹੈ ਜਿਹੜਾ ਖਰਾਬ ਫਾਰਮ ਨਾਲ ਜੂਝ ਰਿਹਾ ਹੈ ਤੇ ਵੱਡੀਆਂ ਪਾਰੀਆਂ ਖੇਡਣ ਵਿਚ ਅਸਫਲ ਰਿਹਾ ਹੈ। ਲਖਨਊ ਵਿਰੁੱਧ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਈਅਰ 38 ਗੇਂਦਾਂ ਵਿਚ 38 ਦੌੜਾਂ ਬਣਾ ਕੇ ਅਜੇਤੂ ਰਿਹਾ ਸੀ ਪਰ ਉਸ ਨੂੰ ਇਸ ਦੌਰਾਨ ਤੇਜ਼ ਗੇਂਦਬਾਜ਼ਾਂ ਤੇ ਸਪਿਨਰਾਂ ਦੋਵਾਂ ਵਿਰੁੱਧ ਪ੍ਰੇਸ਼ਾਨੀ ਹੋਈ ਸੀ। ਮੌਜੂਦਾ ਸੈਸ਼ਨ ਵਿਚ ਕੇ. ਕੇ. ਆਰ. ਦੀ ਬੱਲੇਬਾਜ਼ੀ ਡੈੱਥ ਓਵਰਾਂ ਵਿਚ ਆਂਦ੍ਰੇ ਰਸਲ ਦੇ ਤੂਫਾਨੀ ਤੇਵਰਾਂ ’ਤੇ ਨਿਰਭਰ ਰਹੀ ਹੈ। ਟੀਮ ਦੇ ਭਾਰਤੀ ਬੱਲੇਬਾਜ਼ ਮੌਜੂਦਾ ਸੈਸ਼ਨ ਵਿਚ ਅਜੇ ਤਕ ਅਸਰ ਨਹੀਂ ਛੱਡ ਸਕੇ ਹਨ। ਰਿੰਕੂ ਸਿੰਘ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਤੇ ਉਹ 4 ਪਾਰੀਆਂ ਵਿਚ 63 ਦੌੜਾਂ ਹੀ ਬਣਾ ਸਕਿਆ ਹੈ। ਉਪ ਕਪਤਾਨ ਨਿਤਿਸ਼ ਰਾਣਾ ਸੱਟ ਕਾਰਨ ਨਹੀਂ ਖੇਡ ਰਿਹਾ ਹੈ। ਟ੍ਰੇਂਟ ਬੋਲਟ, ਆਵੇਸ਼ ਖਾਨ, ਯੁਜਵੇਂਦਰ ਚਾਹਲ ਤੇ ਕੇਸ਼ਵ ਮਹਾਰਾਜ ਦੀ ਮੌਜੂਦਗੀ ਵਿਚ ਰਾਇਲਜ਼ ਦਾ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਸਟਾਰ ਸਪਿਨਰ ਆਰ. ਅਸ਼ਵਿਨ ਇਸ ਮੈਚ ਲਈ ਫਿੱਟ ਹੁੰਦਾ ਹੈ ਜਾਂ ਨਹੀਂ।