ਸ਼ਹਿਰਾਂ ’ਚ ਮਹਿੰਗਾਈ ’ਚ ਕੁਝ ਕਮੀ ਤਾਂ ਪੇਂਡੂ ਖੇਤਰਾਂ ’ਚ ਹੋਇਆ ਵਾਧਾ

Monday, Apr 15, 2024 - 02:24 AM (IST)

ਸ਼ਹਿਰਾਂ ’ਚ ਮਹਿੰਗਾਈ ’ਚ ਕੁਝ ਕਮੀ ਤਾਂ ਪੇਂਡੂ ਖੇਤਰਾਂ ’ਚ ਹੋਇਆ ਵਾਧਾ

ਹਾਲਾਂਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ’ਚ ਕੁਝ ਕਮੀ ਆਈ ਹੈ ਅਤੇ ਫਰਵਰੀ ਦੇ 5.1 ਫੀਸਦੀ ਦੇ ਮੁਕਾਬਲੇ ਮਾਰਚ ਵਿਚ ਘੱਟ ਹੋ ਕੇ 10 ਮਹੀਨਿਆਂ ਦੇ ਹੇਠਲੇ ਪੱਧਰ 4.85 ’ਤੇ ਪਹੁੰਚ ਗਈ। ਪਰ ਕੀਮਤਾਂ ਲਗਾਤਾਰ ਦਬਾਅ ਹੇਠ ਬਣੀਆਂ ਹੋਈਆਂ ਹਨ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ 8.52 ’ਤੇ ਖੜ੍ਹੀ ਰਹੀ ਜੋ ਫਰਵਰੀ ਮਹੀਨੇ ਦੇ 8.66 ਫੀਸਦੀ ਤੋਂ ਮਾਮੂਲੀ ਘੱਟ ਹੈ। ਇਸ ਸਮੇਂ ਦੌਰਾਨ ਅਨਾਜਾਂ ਅਤੇ ਮਾਸ ਦੀਆਂ ਕੀਮਤਾਂ ਵਧੀਆਂ, ਜਦੋਂ ਕਿ ਸਬਜ਼ੀਆਂ, ਦਾਲਾਂ, ਮਸਾਲਿਆਂ ਅਤੇ ਆਂਡਿਆਂ ਦੀ ਮਹਿੰਗਾਈ ਦੋਹਰੇ ਅੰਕਾਂ ’ਚ ਬਣੀ ਰਹੀ।

ਮਾਰਚ ਵਿਚ ਸ਼ਹਿਰੀ ਇਲਾਕਿਆਂ ’ਚ ਸਿੱਕੇ ਦੇ ਪਸਾਰ ਦੀ ਦਰ ਫਰਵਰੀ ’ਚ 4.14 ਫੀਸਦੀ ਤੋਂ ਘੱਟ ਕੇ 4.8 ਹੋ ਗਈ ਪਰ ਪੇਂਡੂ ਇਲਾਕਿਆਂ ’ਚ ਇਹ ਫਰਵਰੀ ’ਚ 5.34 ਫੀਸਦੀ ਤੋਂ ਵਧ ਕੇ ਮਾਰਚ ’ਚ 5.45 ਫੀਸਦੀ ਹੋ ਗਈ।

ਪੇਂਡੂ ਇਲਾਕਿਆਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵੀ ਵਾਧੇ ਦਾ ਇਹ ਰੁਝਾਨ ਦਿਖਾਈ ਦਿੱਤਾ ਜੋ ਫਰਵਰੀ ’ਚ 8.3 ਫੀਸਦੀ ਤੋਂ ਵਧ ਕੇ ਮਾਰਚ ’ਚ 8.6 ਫੀਸਦੀ ਹੋ ਗਿਆ ਜਦੋਂ ਕਿ ਸ਼ਹਿਰੀ ਇਲਾਕਿਆਂ ਦੇ ਖਪਤਕਾਰਾਂ ਲਈ ਮਹਿੰਗਾਈ ਫਰਵਰੀ ’ਚ 9.2 ਫੀਸਦੀ ਤੋਂ ਘੱਟ ਕੇ ਮਾਰਚ ’ਚ 8.35 ਫੀਸਦੀ ਹੋ ਗਈ।

ਮਾਰਚ ਵਿਚ ਅਨਾਜ ਦੀਆਂ ਕੀਮਤਾਂ ’ਚ ਵਾਧਾ ਫਰਵਰੀ ਦੇ 7.6 ਫੀਸਦੀ ਤੋਂ ਵਧ ਕੇ 8.4 ਫੀਸਦੀ ਹੋ ਗਿਆ। ਇਸੇ ਤਰ੍ਹਾਂ ਮਾਸ ਅਤੇ ਮੱਛੀ ਦੇ ਭਾਅ ਵੀ ਇਕ ਮਹੀਨੇ ਪਹਿਲਾਂ ਦੇ 5.2 ਫੀਸਦੀ ਤੋਂ ਵਧ ਕੇ ਮਾਰਚ ’ਚ 6.4 ਫੀਸਦੀ ਹੋ ਗਏ। ਇਹ ਗੱਲ ਇਸ ਲਈ ਵੀ ਅਹਿਮ ਹੈ ਕਿਉਂਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-2021) ਅਨੁਸਾਰ ਭਾਰਤ ’ਚ 57.3 ਫੀਸਦੀ ਮਰਦ ਅਤੇ 45.1 ਫੀਸਦੀ ਔਰਤਾਂ ਮਾਸਾਹਾਰੀ ਹਨ।

ਹਾਲਾਂਕਿ ਮਸਾਲਿਆਂ ਦੀਆਂ ਕੀਮਤਾਂ ’ਚ ਫਰਵਰੀ ਮਹੀਨੇ ਦੇ ਮੁਕਾਬਲੇ ਕੁਝ ਕਮੀ ਦੇਖੀ ਗਈ ਹੈ ਅਤੇ ਇਹ 13.5 ਫੀਸਦੀ ਤੋਂ ਘੱਟ ਹੋ ਕੇ 11.4 ਫੀਸਦੀ ਤੋਂ ਵੱਧ ਰਹੀ।

ਸਬਜ਼ੀਆਂ ਦੀਆਂ ਕੀਮਤਾਂ ਫਰਵਰੀ ’ਚ 7 ਮਹੀਨਿਆਂ ਦੇ ਉੱਚ ਪੱਧਰ 30.25 ਫੀਸਦੀ ਤੋਂ ਕੁਝ ਘੱਟ ਹੋ ਕੇ ਪਿਛਲੇ ਮਹੀਨੇ 28.3 ਫੀਸਦੀ ਹੋ ਗਈਆਂ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ’ਚ ਵੀ ਕੁਝ ਕਮੀ ਵੇਖਣ ’ਚ ਆਈ ਜਿਨ੍ਹਾਂ ਦੀ ਕੀਮਤ ਫਰਵਰੀ ’ਚ 18.5 ਫੀਸਦੀ ਤੋਂ ਘੱਟ ਹੋ ਕੇ ਮਾਰਚ ’ਚ 17.7 ਫੀਸਦੀ ਹੋ ਗਈ।

ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਮਹਿੰਗਾਈ ਨੂੰ ‘ਕਮਰੇ ’ਚ ਹਾਥੀ’ ਕਰਾਰ ਦਿੰਦੇ ਹੋਏ ਇਸ ਨੂੰ ਹਮੇਸ਼ਾ ਲਈ ਜੰਗਲ ’ਚ ਭੇਜਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ ਅਤੇ ਉਸ ਨੂੰ ਉਮੀਦ ਹੈ ਕਿ ਪ੍ਰਚੂਨ ’ਚ ਸਿੱਕੇ ਦੇ ਪਸਾਰ ਦੀ ਦਰ ਇਸ ਸਾਲ 5.4 ਫੀਸਦੀ ਤੋਂ ਘੱਟ ਹੋ ਕੇ ਔਸਤ 4.5 ਫੀਸਦੀ ਹੋ ਜਾਏਗੀ, ਜਿਸ ਦੇ ਚਾਲੂ ਅਪ੍ਰੈਲ ਤੋਂ ਜੂਨ ਦੀ ਤਿਮਾਹੀ ’ਚ ਔਸਤ 4.9 ਫੀਸਦੀ ਰਹਿਣ ਦੀ ਉਮੀਦ ਹੈ।

ਬੇਸ਼ੱਕ ਅੰਕੜਿਆਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ’ਚ ਕੁਝ ਕਮੀ ਵਿਖਾਈ ਦੇ ਰਹੀ ਹੈ ਪਰ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋ ਗਿਆ ਹੈ ਅਤੇ ਕਿਉਂਕਿ ਮੌਸਮ ਵਿਗਿਆਨੀਆਂ ਵੱਲੋਂ ਇਸ ਸਾਲ ਪਹਿਲਾਂ ਤੋਂ ਕਿਤੇ ਵੱਧ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਇਸ ਲਈ ਆਉਣ ਵਾਲੇ ਮਹੀਨਿਆਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਇਸ ਲਈ ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਸਰਕਾਰ ਦੇਸ਼ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦਾ ਸੰਕਟ ਪੈਦਾ ਨਾ ਹੋਣ ਦੇਵੇ।

-ਵਿਜੇ ਕੁਮਾਰ


author

Harpreet SIngh

Content Editor

Related News