ਟਰੰਪ ਨੂੰ ਕੋਰੋਨਾ ਨਾਲ ਲੜਨ ਲਈ ਦਿੱਤੀ ਗਈ ਚੂਹਿਆਂ ਤੋਂ ਬਣੀ ਇਹ ਖ਼ਾਸ ਦਵਾਈ

Tuesday, Oct 06, 2020 - 07:57 AM (IST)

ਵਾਸ਼ਿੰਗਟਨ— ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਵ੍ਹਾਈਟ ਹਾਊਸ ਪਹੁੰਚ ਗਏ ਹਨ। ਹਾਲਾਂਕਿ, ਫਿਲਹਾਲ ਉਹ ਘਰ ਵਿਚ ਹੀ ਰਹਿਣਗੇ ਅਤੇ ਉੱਥੇ ਉਨ੍ਹਾਂ ਨੂੰ ਸਾਰੀ ਮੈਡੀਕਲ ਸਹੂਲਤ ਮਿਲਦੀ ਰਹੇਗੀ।

ਇਸ ਵਿਚਕਾਰ ਖ਼ਬਰ ਹਨ ਕਿ ਟਰੰਪ ਨੂੰ ਇਕ ਬਹੁਤ ਖਾਸ ਦਵਾਈ ਦਿੱਤੀ ਗਈ ਜੋ ਕਿ ਆਮ ਲੋਕਾਂ ਲਈ ਅਜੇ ਉਪਲੱਬਧ ਨਹੀਂ ਹੈ। ਇਹ ਦਵਾਈ ਚੂਹਿਆਂ ਦੇ ਐਂਟੀਬਾਡੀਜ਼ ਤੋਂ ਤਿਆਰ ਕੀਤੀ ਗਈ ਹੈ। 
ਆਕਸਫੋਰਡ ਦੇ ਪ੍ਰੋਫੈਸਰ ਨੇ ਟਰੰਪ ਨੂੰ ਦਿੱਤੀ ਦਵਾਈ ਨੂੰ ਕਾਫ਼ੀ ਚੰਗਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਵਾਈ ਦਾ ਨਾਮ REGN-COV2 ਹੈ। ਇਸ ਦੇ ਨਾਲ ਹੀ ਟਰੰਪ ਨੂੰ Remdesivir ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜ਼ਿੰਕ, ਵਿਟਾਮਿਨ ਡੀ, ਐਸਪਰੀਨ, ਫੈਮੋਟਿਡਾਈਨ ਅਤੇ ਮੇਲਾਟੋਨਿਨ ਵਰਗੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ । ਹਾਲਾਂਕਿ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਪਹਿਲਾਂ ਨਾਲੋਂ ਵੱਧ ਰੱਖਣਾ ਪਵੇਗਾ।

ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਇਲਾਜ ਵਿਚ REGN-COV2 ਦਵਾਈ ਕਿੰਨੀ ਪ੍ਰਭਾਵਸ਼ਾਲੀ ਹੈ, ਇਸ ਦਾ ਟਰਾਇਲ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਕੋਰੋਨਾ ਪੀੜਤਾਂ ਨੂੰ ਇਹ ਦਵਾਈ ਦਿੱਤੀ ਗਈ ਸੀ, ਉਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣ ਦੀ ਲੋੜ ਨਹੀਂ ਪਈ ਤੇ ਉਹ ਠੀਕ ਹੋ ਰਹੇ ਹਨ। ਜਾਣਕਾਰੀ ਅਨੁਸਾਰ, REGN-COV2 ਚੂਹੇ ਦੇ ਐਂਟੀਬਾਡੀਜ਼ ਅਤੇ ਕੋਰੋਨਾ ਦੇ ਇਲਾਜ ਕੀਤੇ ਵਿਅਕਤੀਆਂ ਤੋਂ ਤਿਆਰ ਕੀਤੀ ਗਈ ਹੈ। ਇਹ ਦਵਾਈ ਕੋਰੋਨਾ ਵਾਇਰਸ ਨੂੰ ਬੇਅਸਰ ਕਰਕੇ ਕੰਮ ਕਰਦੀ ਹੈ।
 


Lalita Mam

Content Editor

Related News