ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਤੋਂ ਬੌਖਲਾਇਆ ਚੀਨ

Saturday, Mar 30, 2019 - 02:24 AM (IST)

ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਤੋਂ ਬੌਖਲਾਇਆ ਚੀਨ

ਬੀਜਿੰਗ - ਅੱਤਵਾਦੀਆਂ ਨੂੰ ਪਨਾਹ ਦੇਣ ਦੇ ਅਮਰੀਕਾ ਦੇ ਦੋਸ਼ ਨਾਲ ਚੀਨ ਹਿੱਲ ਗਿਆ ਹੈ। ਉਸ ਨੇ ਸਫਾਈ ਦਿੱਤੀ ਹੈ ਕਿ ਉਹ ਅਜਿਹਾ ਕੁਝ ਨਹੀਂ ਕਰਦਾ। ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ 'ਚ ਲਗਾਤਾਰ ਚੌਥੀ ਵਾਰ ਅੜਿੱਕਾ ਪਾਉਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਚੀਨ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦਾ ਬਚਾਅ ਕਰਨ ਦਾ ਦੋਸ਼ ਲਾਇਆ ਹੈ।
ਅਜ਼ਹਰ ਦੇ ਸੰਗਠਨ 'ਤੇ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ 'ਚ 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੀ ਬੱਸ 'ਤੇ ਹਮਲਾ ਕਰਕੇ 40 ਜਵਾਨਾਂ ਦੀ ਹੱਤਿਆ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਜੈਸ਼ ਨੇ ਭਾਰਤ 'ਚ ਪਠਾਨਕੋਟ ਏਅਰਬੇਸ ਅਤੇ ਸੰਸਦ 'ਤੇ ਵੀ ਹਮਲੇ ਕੀਤੇ ਸਨ। ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰ ਉਸ 'ਤੇ ਪਾਬੰਦੀ ਲਾਉਣ ਦਾ ਪ੍ਰਸਤਾਵ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਅਤੇ ਉਸ ਦੇ ਸਹਿਯੋਗੀ ਦੇਸ਼ਾਂ- ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ 4 ਵਾਰ ਪੇਸ਼ ਕੀਤਾ ਪਰ ਚੀਨ ਨੇ ਸਥਾਈ ਮੈਂਬਰ ਦੇ ਤੌਰ 'ਤੇ ਹਰ ਵਾਰ ਇਸ ਪ੍ਰਸਤਾਵ ਨੂੰ ਵੀਟੋ ਦਾ ਇਸਤੇਮਾਲ ਕਰ ਰੋਕ ਦਿੱਤਾ। ਇਸ ਤੋਂ ਨਰਾਜ਼ ਫਰਾਂਸ ਨੇ ਮਸੂਦ ਅਜ਼ਹਰ 'ਤੇ 28 ਦੇਸ਼ਾਂ ਦੇ ਸਮੂਹ ਯੂਰੋਪੀਅਨ ਯੂਨੀਅਨ 'ਚ ਪਾਬੰਦੀ ਲਗਵਾਉਣ ਦੀ ਮੁਹਿੰਮ ਛੇੜ ਦਿੱਤੀ ਹੈ। ਜਦਕਿ ਅਮਰੀਕਾ ਨੇ ਵੀਰਵਾਰ ਨੂੰ ਸੁਰੱਖਿਆ ਪ੍ਰੀਸ਼ਦ 'ਚ ਤਾਜ਼ਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਨਾਲ ਹੀ ਵਿਦੇਸ਼ ਮੰਤਰੀ ਪੋਂਪੀਓ ਨੇ ਚੀਨ 'ਤੇ ਸ਼ਰਮਨਾਕ ਪਾਖੰਡ ਦਾ ਦੋਸ਼ ਲਾਇਆ ਹੈ। ਕਿਹਾ ਹੈ ਕਿ ਇਕ ਪਾਸੜ ਤਾਂ ਚੀਨ 10 ਲੱਖ ਤੋਂ ਜ਼ਿਆਦਾ ਮੁਸਲਿਮ ਘੱਟ ਗਿਣਤੀ ਵਾਲਿਆਂ ਨੂੰ ਕੈਦ 'ਚ ਰੱਖ ਕੇ ਤਸੀਹੇ ਦੇ ਰਿਹਾ ਹੈ, ਦੂਜੇ ਪਾਸੇ ਉਹ ਅੱਤਵਾਦੀ ਸੰਗਠਨ ਦੇ ਸਰਗਨਾ ਨੂੰ ਪ੍ਰਤੀਬੰਧ ਤੋਂ ਬਚਾ ਰਿਹਾ ਹੈ।
ਅਮਰੀਕਾ ਦੇ ਇਸ ਦੋਸ਼ ਅਤੇ ਮਸੂਦ ਅਜ਼ਹਰ 'ਤੇ ਪ੍ਰਤੀਬੰਧ ਲਈ ਤਾਜ਼ਾ ਪ੍ਰਸਤਾਵ ਪੇਸ਼ ਕੀਤੇ ਜਾਣ ਨਾਲ ਚੀਨ ਹਿੱਲ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਨ ਸ਼ੁਆਂਗ ਨੇ ਕਿਹਾ ਕਿ ਕਿਸੇ ਪ੍ਰਸਤਾਵ 'ਤੇ ਤਕਨੀਕੀ ਆਧਾਰ 'ਤੇ ਇਤਰਾਜ਼ ਜਤਾ ਕੇ ਰੋਕ ਲਾਉਣ ਨਾਲ ਜੇਕਰ ਚੀਨ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਦੇਸ਼ ਬਣ ਜਾਂਦਾ ਹੈ ਤਾਂ ਵੱਖ-ਵੱਖ ਪ੍ਰਸਤਾਵਾਂ 'ਤੇ ਤਕਨੀਕੀ ਰੋਕ ਲਾਉਣ ਵਾਲੇ ਸਾਰੇ ਦੇਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ?
ਬੁਲਾਰੇ ਨੇ ਇਸ ਪਿੱਛੇ ਭਾਰਤ ਅਤੇ ਪਾਕਿਸਤਾਨ ਦੀ ਗੱਲਬਾਤ ਸ਼ੁਰੂ ਕਰਾਉਣ ਦੀ ਆਪਣੀ ਉਮੀਦ ਜਤਾਈ ਹੈ। ਉਸ ਨੇ ਕਿਹਾ ਕਿ ਉਹ ਗੱਲਬਾਤ ਨਾਲ ਗਤੀਰੋਧ ਦਾ ਹੱਲ ਚਾਹੁੰਦਾ ਹੈ। ਉਹ ਦੇਸ਼ਾਂ ਦੇ ਸੰਪਰਕ 'ਚ ਵੀ ਹੈ ਪਰ ਚੀਨ ਨੇ ਇਹ ਨਹੀਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੀ ਗੱਲਬਾਤ ਨਾਲ ਕੀ ਮਸੂਦ ਅਜ਼ਹਰ ਅਤੇ ਉਸ ਦੇ ਸੰਗਠਨ ਦੇ ਦੋਸ਼ ਖਤਮ ਜਾਂ ਘੱਟ ਹੋ ਜਾਣਗੇ? ਜ਼ਿਕਰਯੋਗ ਹੈ ਕ ਅਮਰੀਕਾ ਦੇ ਦੋਸ਼ 'ਤੇ ਦਿੱਤੀ ਚੀਨ ਦੀ ਇਹ ਅਜੀਬੋ-ਗਰੀਬ ਸਫਾਈ ਹੈ। ਕਿਉਂਕਿ ਉਹ ਕਿਸੇ ਅੱਤਵਾਦੀ ਸਗਰਨਾ ਨੂੰ ਸਾਲਾਂ ਤੋਂ ਪ੍ਰਤੀਬੰਧ ਤੋਂ ਬਚਾ ਰਿਹਾ ਹੈ।


author

Khushdeep Jassi

Content Editor

Related News