ਇਟਲੀ ''ਚ ਕਿਰਤੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਪਾਕਿਸਤਾਨੀ ਮੂਲ ਦਾ ਕਿਸਾਨ ਗ੍ਰਿਫ਼ਤਾਰ

Saturday, Jul 04, 2026 - 02:12 PM (IST)

ਇਟਲੀ ''ਚ ਕਿਰਤੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਪਾਕਿਸਤਾਨੀ ਮੂਲ ਦਾ ਕਿਸਾਨ ਗ੍ਰਿਫ਼ਤਾਰ

ਰਾਵੇਨਾ (ਕੈਂਥ) : ਇਟਲੀ ਦੇ ਐਮੀਲੀਆ-ਰੋਮਾਨਿਆ ਖੇਤਰ ਦੇ ਫੋਰਲੀ-ਚੇਜ਼ੇਨਾ ਅਤੇ ਰਾਵੇਨਾ ਸੂਬਿਆਂ ਵਿੱਚ ਖੇਤੀਬਾੜੀ ਮਜ਼ਦੂਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਪੁਲਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਣ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਇੱਕ 28 ਸਾਲਾ ਪਾਕਿਸਤਾਨੀ ਮੂਲ ਦੇ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਂਚ ਅਧਿਕਾਰੀਆਂ ਅਨੁਸਾਰ, ਦੋਸ਼ੀ ਕਿਸਾਨ ਵਿਦੇਸ਼ੀ ਮਜ਼ਦੂਰਾਂ ਨੂੰ ਭਰਤੀ ਕਰਕੇ ਖੇਤਾਂ ਵਿੱਚ ਕੰਮ ਕਰਵਾਉਂਦਾ ਸੀ। ਉਨ੍ਹਾਂ ਨੂੰ ਸਿਰਫ਼ 5 ਤੋਂ 6 ਯੂਰੋ ਪ੍ਰਤੀ ਘੰਟਾ ਮਜ਼ਦੂਰੀ ਦਿੱਤੀ ਜਾਂਦੀ ਸੀ, ਜੋ ਕਿ ਇਟਲੀ ਦੀ ਕਾਨੂੰਨੀ ਘੱਟੋ-ਘੱਟ ਦਰ ਨਾਲੋਂ 50% ਤੋਂ ਵੀ ਘੱਟ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਜ਼ਦੂਰਾਂ ਨੂੰ ਓਵਰਟਾਈਮ, ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨਾਂ ਦਾ ਕੋਈ ਵਾਧੂ ਭੁਗਤਾਨ ਨਹੀਂ ਕੀਤਾ ਜਾਂਦਾ ਸੀ। ਇੱਥੇ ਤੱਕ ਕਿ ਕੰਮ ਦੌਰਾਨ ਲਈ ਜਾਣ ਵਾਲੀ ਬਰੇਕ (ਅਰਾਮ ਦੇ ਸਮੇਂ) ਦੇ ਪੈਸੇ ਵੀ ਤਨਖ਼ਾਹ ਵਿੱਚੋਂ ਕੱਟ ਲਏ ਜਾਂਦੇ ਸਨ।

ਮਜ਼ਦੂਰਾਂ ਨੂੰ ਨਿਯਮਾਂ ਦੇ ਉਲਟ ਭਰੀਆਂ ਹੋਈਆਂ ਵੈਨਾਂ ਵਿੱਚ ਕੰਮ ਵਾਲੀ ਥਾਂ ਤੱਕ ਲਿਜਾਇਆ ਜਾਂਦਾ ਸੀ। ਇਸ ਤੋਂ ਇਲਾਵਾ, ਕੰਮ ਵਾਲੀ ਥਾਂ 'ਤੇ ਸੁਰੱਖਿਆ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ ਅਤੇ ਮਜ਼ਦੂਰ ਬੇਹੱਦ ਅਣਮਨੁੱਖੀ ਹਾਲਾਤ ਵਿੱਚ ਕੰਮ ਕਰਨ ਲਈ ਮਜਬੂਰ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਹੁਤੇ ਮਜ਼ਦੂਰ ਵੱਖ-ਵੱਖ ਰਿਸੈਪਸ਼ਨ ਸੈਂਟਰਾਂ ਤੋਂ ਸਨ। ਉਨ੍ਹਾਂ ਨੂੰ ਇਤਾਲਵੀ ਭਾਸ਼ਾ ਦੀ ਘੱਟ ਜਾਣਕਾਰੀ ਸੀ, ਜਿਸ ਕਾਰਨ ਉਹ ਆਪਣੀ ਆਵਾਜ਼ ਉਠਾਉਣ ਵਿੱਚ ਅਸਮਰੱਥ ਸਨ ਅਤੇ ਦੋਸ਼ੀ ਉਨ੍ਹਾਂ ਦੀ ਇਸੇ ਕਮਜ਼ੋਰ ਸਥਿਤੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਬਾਰੀਕੀ ਨਾਲ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਵੱਲੋਂ ਜਾਰੀ ਸਖ਼ਤ ਹੁਕਮਾਂ ਅਨੁਸਾਰ ਪੁਲਸ ਵੱਲੋਂ ਪੂਰੇ ਦੇਸ਼ ਵਿੱਚ, ਖ਼ਾਸ ਕਰਕੇ ਖੇਤੀਬਾੜੀ ਸੈਕਟਰਾਂ ਵਿੱਚ, ਮਜ਼ਦੂਰਾਂ 'ਤੇ ਹੋ ਰਹੇ ਤਸ਼ੱਦਦ ਅਤੇ ਸ਼ੋਸ਼ਣ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕਈ ਇਲਾਕਿਆਂ ਵਿੱਚ ਇਟਾਲੀਅਨ, ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਖੇਤੀਬਾੜੀ ਕਾਰੋਬਾਰੀਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ, ਜੋ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਸਨ। ਪੁਲਸ ਵੱਲੋਂ ਕੀਤੀ ਜਾ ਰਹੀ ਇਸ ਸਖ਼ਤ ਕਾਰਵਾਈ ਕਾਰਨ ਜਿੱਥੇ ਆਮ ਲੋਕਾਂ ਅਤੇ ਮਜ਼ਦੂਰ ਵਰਗ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਹ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਗ਼ੈਰ-ਕਾਨੂੰਨੀ ਧੰਦਿਆਂ ਵਿੱਚ ਸ਼ਾਮਲ ਖੇਤੀਬਾੜੀ ਕਾਰੋਬਾਰੀਆਂ ਨੂੰ ਹੁਣ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

cherry

Content Editor

Related News