ਇਟਲੀ ''ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
Sunday, Jul 05, 2026 - 03:54 PM (IST)
ਬੋਲੋਨੀਆ (ਦਲਵੀਰ ਸਿੰਘ ਕੈਂਥ) ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਲਈ ਇੱਕ ਹੋਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਅਤੇ ਅੰਬੇਡਕਰੀ ਮਿਸ਼ਨਰੀ ਪਿੰਡ ਵਿਰਕਾਂ ਨਾਲ ਸਬੰਧਤ ਪਰਿਵਾਰ ਦੇ ਹੋਣਹਾਰ ਪੁੱਤਰ ਜਸਮੀਤ ਪਾਲ "ਜੋਬਨ" ਨੇ ਇਟਲੀ ਦੇ ਪ੍ਰਸਿੱਧ ਸ਼ਹਿਰ ਬੋਲੋਨੀਆ ਦੇ ਨਾਮਵਰ Liceo Luigi Galvani ਸਕੂਲ ਵਿੱਚੋਂ ਮੈਚਿਊਰਿਟਾ (ਰਾਜ ਪੱਧਰੀ ਸੀਨੀਅਰ ਸਕੈਂਡਰੀ ਪ੍ਰੀਖਿਆ) ਵਿੱਚ 100 ਵਿੱਚੋਂ 100 ਅੰਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਸਮੁੱਚੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਜਸਮੀਤ ਪਾਲ ਦੇ ਪਿਤਾ ਤਜਿੰਦਰ ਪਾਲ ਅਤੇ ਮਾਤਾ ਉਸ਼ਾ ਰਾਣੀ ਕਈ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਇਟਲੀ ਆ ਵੱਸੇ ਸਨ। ਜਸਮੀਤ ਬਹੁਤ ਛੋਟੀ ਉਮਰ ਵਿੱਚ ਇਟਲੀ ਪਹੁੰਚਿਆ ਅਤੇ ਵਿਦੇਸ਼ੀ ਮਾਹੌਲ, ਨਵੀਂ ਭਾਸ਼ਾ ਅਤੇ ਵੱਖਰੀ ਸਿੱਖਿਆ ਪ੍ਰਣਾਲੀ ਦੇ ਬਾਵਜੂਦ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਬਲ 'ਤੇ ਇਹ ਉਪਲਬਧੀ ਹਾਸਲ ਕੀਤੀ।ਸਕੂਲ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨਤੀਜਿਆਂ ਅਨੁਸਾਰ ਜਸਮੀਤ ਪਾਲ ਨੇ 100/100 ਅੰਕ ਪ੍ਰਾਪਤ ਕੀਤੇ, ਜੋ ਇਟਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਸਭ ਤੋਂ ਉੱਚਾ ਨਤੀਜਾ ਮੰਨਿਆ ਜਾਂਦਾ ਹੈ। ਇਹ ਪ੍ਰਾਪਤੀ ਉਸਦੀ ਅਕਾਦਮਿਕ ਯੋਗਤਾ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਸਬੂਤ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਰਫ਼ 6 ਸਕਿੰਟ 'ਚ ਤਿਆਰ ਹੋ ਰਿਹਾ AC! ਯੂਰਪ ਨੂੰ ਹੀਟਵੇਵ ਤੋਂ ਬਚਾਉਣ ਲਈ ਚੀਨ ਦੀ ਵੱਡੀ ਪਹਿਲ
ਜਸਮੀਤ ਦਾ ਸੁਪਨਾ ਮੈਡੀਕਲ ਦੀ ਉੱਚ ਸਿੱਖਿਆ ਪ੍ਰਾਪਤ ਕਰਕੇ ਇੱਕ ਕਾਬਲ ਡਾਕਟਰ ਬਣਨਾ ਹੈ। ਇਸ ਲਈ ਉਹ ਇਟਲੀ ਦੀ ਇੱਕ ਪ੍ਰਸਿੱਧ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸਨੇ ਇਤਾਲਵੀ, ਅੰਗਰੇਜ਼ੀ, ਲਾਤੀਨੀ, ਫਰੈਂਚ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਵੀ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਜਸਮੀਤ ਪਾਲ ਦੀ ਇਸ ਬੇਮਿਸਾਲ ਕਾਮਯਾਬੀ ਪਿੱਛੇ ਉਸਦੇ ਮਾਤਾ-ਪਿਤਾ ਦੀ ਕੁਰਬਾਨੀ, ਅਧਿਆਪਕਾਂ ਦੀ ਰਹਿਨੁਮਾਈ ਅਤੇ ਉਸਦੀ ਅਥੱਕ ਮਿਹਨਤ ਦਾ ਅਹਿਮ ਯੋਗਦਾਨ ਹੈ। ਪਰਿਵਾਰ ਇਸ ਸਫਲਤਾ ਦਾ ਸਿਹਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਨੂੰ ਸਮਰਪਿਤ ਕਰਦਾ ਹੈ। ਨਾਲ ਹੀ ਉਹ ਮੰਨਦਾ ਹੈ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਸਿੱਖਿਆ, ਸਮਾਨਤਾ ਅਤੇ ਸੰਵਿਧਾਨਕ ਅਧਿਕਾਰਾਂ ਨੇ ਸਮਾਜ ਦੇ ਵੰਚਿਤ ਵਰਗਾਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਅਤੇ ਅੱਗੇ ਵਧਣ ਦਾ ਵਿਸ਼ਵਾਸ ਪੈਦਾ ਕੀਤਾ ਹੈ, ਜਿਸ ਕਾਰਨ ਅੱਜ ਵਿਦੇਸ਼ਾਂ ਵਿੱਚ ਵੀ ਭਾਰਤੀ ਮੂਲ ਦੇ ਬੱਚੇ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਮੌਤ, ਸਦਮੇ 'ਚ ਪਰਿਵਾਰ
ਵਿਸ਼ੇਸ਼ ਤੌਰ 'ਤੇ ਇਹ ਵੀ ਮਾਣ ਵਾਲੀ ਗੱਲ ਹੈ ਕਿ ਜਸਮੀਤ ਪਾਲ ਦਾ ਜੱਦੀ ਪਿੰਡ ਵਿਰਕਾਂ (ਜ਼ਿਲ੍ਹਾ ਜਲੰਧਰ) ਪੰਜਾਬ ਦੇ ਉਹਨਾਂ ਪਿੰਡਾਂ ਵਿੱਚੋਂ ਇੱਕ ਹੈ, ਜੋ ਅੰਬੇਡਕਰੀ ਮਿਸ਼ਨਰੀ ਵਿਚਾਰਧਾਰਾ ਅਤੇ ਸਿੱਖਿਆ ਪ੍ਰਤੀ ਆਪਣੀ ਜਾਗਰੂਕਤਾ ਲਈ ਜਾਣਿਆ ਜਾਂਦਾ ਹੈ। ਇਸ ਪਿੰਡ ਨੇ ਸਮੇਂ-ਸਮੇਂ 'ਤੇ ਸਿੱਖਿਆ, ਸਮਾਜਿਕ ਚੇਤਨਾ ਅਤੇ ਬਰਾਬਰੀ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ। ਜਸਮੀਤ ਦੀ ਇਹ ਪ੍ਰਾਪਤੀ ਉਸੇ ਵਿਰਾਸਤ ਨੂੰ ਹੋਰ ਮਜ਼ਬੂਤ ਕਰਦੀ ਹੈ।
ਜਸਮੀਤ ਪਾਲ ਦੀ ਇਸ ਇਤਿਹਾਸਕ ਸਫਲਤਾ ਨਾਲ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਜਿਕ, ਧਾਰਮਿਕ ਅਤੇ ਸਿੱਖਿਆਕ ਸੰਸਥਾਵਾਂ ਵੱਲੋਂ ਜਸਮੀਤ, ਉਸਦੇ ਮਾਤਾ-ਪਿਤਾ ਤਜਿੰਦਰ ਪਾਲ ਅਤੇ ਉਸ਼ਾ ਰਾਣੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਪ੍ਰਾਪਤੀ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਲਈ ਇੱਕ ਪ੍ਰੇਰਣਾ ਹੈ ਕਿ ਮਿਹਨਤ, ਲਗਨ ਅਤੇ ਸਿੱਖਿਆ ਦੇ ਬਲ 'ਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਜਸਮੀਤ ਪਾਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਮਿੱਟੀ ਦੀ ਮਹਿਕ, ਪਰਿਵਾਰ ਦੇ ਸੰਸਕਾਰ, ਸਿੱਖਿਆ ਪ੍ਰਤੀ ਸਮਰਪਣ ਅਤੇ ਮਿਹਨਤ ਦਾ ਜਜ਼ਬਾ ਜੇਕਰ ਇਕੱਠੇ ਹੋ ਜਾਣ ਤਾਂ ਵਿਦੇਸ਼ਾਂ ਦੀ ਧਰਤੀ 'ਤੇ ਵੀ ਇਤਿਹਾਸ ਲਿਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
