ਮਾਸੂਮ ਨੂੰ ਗਰਮ ਤੇਲ ਨਾਲ ਸਾੜਦੀ ਰਹੀ ਔਰਤ, ਵੀਡੀਓ ਆਈ ਸਾਹਮਣੇ

Wednesday, Mar 11, 2020 - 01:41 PM (IST)

ਸਿੰਗਾਪੁਰ— ਅੱਜ ਦੇ ਆਧੁਨਿਕ ਯੁੱਗ 'ਚ ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹਨ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਵਧਿਆ ਹੋ ਸਕੇ। ਇਸੇ ਲਈ ਜਿਨ੍ਹਾਂ ਘਰਾਂ 'ਚ ਕੋਈ ਹੋਰ ਸਿਆਣਾ ਮੈਂਬਰ ਨਹੀਂ ਹੁੰਦਾ ਉਹ ਬੱੱਚਿਆਂ ਨੂੰ ਸੰਭਾਲਣ ਲਈ ਨੌਕਰਾਣੀਆਂ ਰੱਖ ਲੈਂਦੇ ਹਨ ਤੇ ਸੋਚਦੇ ਹਨ ਕਿ ਬੱਚੇ ਨੂੰ ਸਮੇਂ ਸਿਰ ਹਰ ਚੀਜ਼ ਮਿਲੇਗੀ ਤੇ ਉਹ ਬਿਨਾ ਕਿਸੇ ਪ੍ਰੇਸ਼ਾਨੀ ਦੇ ਰਹਿਣਗੇ। ਸਿੰਗਾਪੁਰ 'ਚ ਐਮੀ ਲਾਅ ਨਾਂ ਦੀ ਇਕ ਔਰਤ ਨੇ ਦੱਸਿਆ ਕਿ ਉਹ ਨੌਕਰੀ ਕਰਦੀ ਹੈ ਤੇ ਆਪਣੀ 16 ਮਹੀਨਿਆਂ ਤੇ 8 ਸਾਲਾ ਬੱਚੀਆਂ ਦੀ ਦੇਖਭਾਲ ਲਈ ਉਸ ਨੇ ਇਕ ਬੇਬੀ ਮਾਨੀਟਰ ਭਾਵ ਬੱਚਾ ਸੰਭਾਲਣ ਵਾਲੀ ਨੌਕਰਾਣੀ ਰੱਖੀ ਪਰ ਉਹ ਉਸ ਦੀਆਂ ਬੱਚੀਆਂ 'ਤੇ ਤਸ਼ੱਦਦ ਢਾਹ ਰਹੀ ਸੀ। ਇਸ ਦਾ ਖੁਲਾਸਾ ਉਸ ਦੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਹੋਇਆ।


ਉਸ ਨੇ ਦੱਸਿਆ ਕਿ ਉਸ ਦੀ 16 ਮਹੀਨਿਆਂ ਦੀ ਬੱਚੀ ਰੋਜ਼ ਰਾਤ ਨੂੰ ਰੋਂਦੀ ਰਹਿੰਦੀ ਸੀ ਤੇ 8 ਸਾਲਾ ਬੱਚੀ ਦਾ ਵਿਵਹਾਰ ਵੀ ਬਦਲਿਆ ਜਿਹਾ ਨਜ਼ਰ ਆ ਰਿਹਾ ਸੀ। ਇਕ ਦਿਨ ਉਹ 16 ਮਹੀਨਿਆਂ ਦੀ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਈ ਤੇ ਉੱਥੇ ਡਾਕਟਰ ਨੇ ਦੱਸਿਆ ਕਿ ਬੱਚੀ ਦੇ ਹੱਥ ਤੇਲ ਨਾਲ ਸੜੇ ਹੋਏ ਸਨ।

ਉਸ ਨੇ ਘਰ ਆ ਕੇ  ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨੌਕਰਾਣੀ ਉਸ ਦੀ ਛੋਟੀ ਬੱਚੀ ਦੇ ਹੱਥ ਗਰਮ ਤੇਲ ਨਾਲ ਸਾੜ ਦਿੰਦੀ ਸੀ। ਉਸ ਨੇ 14 ਜਨਵਰੀ ਦੀ ਵੀਡੀਓ ਦੇਖੀ ਜਿਸ 'ਚ ਪਤਾ ਲੱਗਾ ਕਿ ਨੌਕਰਾਣੀ ਨੇ ਤੇਲ ਗਰਮ ਕਰਕੇ ਬੱਚੀ ਦਾ ਹੱਥ ਸਾੜਿਆ ਤੇ ਬਾਅਦ 'ਚ ਇਸ 'ਤੇ ਕਰੀਮ ਲਗਾ ਦਿੱਤੀ ਤਾਂ ਕਿ ਨਿਸ਼ਾਨ ਦਿਖਾਈ ਨਾ ਦੇਣ। ਉਸ ਨੂੰ ਅਜਿਹਾ ਕਰਦਿਆਂ 8 ਸਾਲਾ ਬੱਚੀ ਨੇ ਦੇਖਿਆ ਸੀ ਤੇ ਨੌਕਰਾਣੀ ਨੇ ਉਸ ਨੂੰ ਬੁਰੀ ਤਰ੍ਹਾਂ ਧਮਕਾਇਆ ਸੀ। ਇਸੇ ਕਾਰਨ 8 ਸਾਲਾ ਬੱਚੀ ਵੀ ਸਹਿਮੀ ਹੋਈ ਰਹਿਣ ਲੱਗ ਗਈ ਸੀ। ਪੁਲਸ ਨੇ ਨੌਕਰਾਣੀ ਨੂੰ ਹਿਰਾਸਤ 'ਚ ਲੈ ਲਿਆ ਹੈ। ਬੱਚੀਆਂ ਦੀ ਮਾਂ ਨੇ ਫੇਸਬੁੱਕ 'ਤੇ ਵੀਡੀਓ ਸਾਂਝੀ ਕਰਦਿਆਂ ਸਭ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਵਧੇਰੇ ਧਿਆਨ ਦੇਣ ਤਾਂ ਜੋ ਅਜਿਹੀ ਕੋਈ ਘਟਨਾ ਉਨ੍ਹਾਂ ਦੇ ਪਰਿਵਾਰ ਨਾਲ ਨਾ ਵਾਪਰੇ।


Related News