ਵਾਇਰਲ ਵੀਡੀਓ ਨੇ ਖੋਲ੍ਹੀ ਨਸ਼ੇ ਦੇ ਕਾਰੋਬਾਰ ਦੀ ਪੋਲ, ਪੁਲਸ ਨੇ ਰਾਤੋ-ਰਾਤ ਚੁੱਕ ਗਈ ਔਰਤ

Monday, Aug 03, 2026 - 04:51 PM (IST)

ਵਾਇਰਲ ਵੀਡੀਓ ਨੇ ਖੋਲ੍ਹੀ ਨਸ਼ੇ ਦੇ ਕਾਰੋਬਾਰ ਦੀ ਪੋਲ, ਪੁਲਸ ਨੇ ਰਾਤੋ-ਰਾਤ ਚੁੱਕ ਗਈ ਔਰਤ

ਬਠਿੰਡਾ (ਵਿਜੇ ਵਰਮਾ) : ਸ਼ਹਿਰ 'ਚ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਥਾਣਾ ਕੋਤਵਾਲੀ ਖੇਤਰ ਦੀ ਇੱਕ ਔਰਤ ਵੱਲੋਂ ਕਥਿਤ ਤੌਰ ’ਤੇ ਸ਼ਰੇਆਮ ‘ਚਿੱਟਾ’ ਵੇਚਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਂਦੇ ਹੀ ਪੁਲਸ ਮਹਿਕਮੇ 'ਚ ਵੀ ਖਲਬਲੀ ਮਚ ਗਈ। ਮਾਮਲਾ ਸੀਨੀਅਰ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਆਉਂਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੇਰ ਰਾਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ।
ਵੀਡੀਓ ਵਾਇਰਲ ਹੁੰਦੇ ਹੀ ਜਾਗਿਆ ਪੁਲਸ ਮਹਿਕਮਾ
ਵਾਇਰਲ ਵੀਡੀਓ 'ਚ ਔਰਤ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦੀ ਵਿਕਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਲੋਕਾਂ 'ਚ ਚਰਚਾ ਸ਼ੁਰੂ ਹੋ ਗਈ ਕਿ ਆਖ਼ਰ ਸ਼ਹਿਰ 'ਚ ਨਸ਼ੇ ਦਾ ਕਾਰੋਬਾਰ ਕਿਸ ਹੱਦ ਤੱਕ ਪੈਰ ਪਸਾਰ ਚੁੱਕਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਬੰਧਿਤ ਔਰਤ ਲੰਬੇ ਸਮੇਂ ਤੋਂ ਇਲਾਕੇ 'ਚ ਨਸ਼ੀਲੇ ਪਦਾਰਥਾਂ ਦੀ ਕਥਿਤ ਵਿਕਰੀ ਕਰ ਰਹੀ ਸੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਵਾਇਰਲ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਸ਼ਾਇਦ ਇਹ ਮਾਮਲਾ ਪੁਲਸ ਦੀ ਨਜ਼ਰ ਤੋਂ ਦੂਰ ਹੀ ਰਹਿੰਦਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠੇ ਅਤੇ ਲੋਕਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਦੀ ਮੰਗ ਕੀਤੀ।
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਰਾਤੋ-ਰਾਤ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਦਾ ਮਾਮਲਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਆਉਂਦੇ ਹੀ ਥਾਣਾ ਕੋਤਵਾਲੀ ਪੁਲਸ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਪੁਲਸ ਟੀਮ ਨੇ ਦੇਰ ਰਾਤ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਅਤੇ ਉਪਲੱਬਧ ਤੱਥਾਂ ਦੇ ਆਧਾਰ ’ਤੇ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ। ਪੁਲਸ ਨੇ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ।
ਹੁਣ ਪੁਲਸ ਖੰਗਾਲੇਗੀ ਪੂਰਾ ਨੈੱਟਵਰਕ
ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਸਾਹਮਣੇ ਅਗਲੀ ਚੁਣੌਤੀ ਕਥਿਤ ਨਸ਼ਾ ਸਪਲਾਈ ਨੈੱਟਵਰਕ ਤੱਕ ਪਹੁੰਚਣ ਦੀ ਹੈ। ਪੁਲਸ ਵਾਇਰਲ ਵੀਡੀਓ ਦੀ ਵੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਔਰਤ ਦੇ ਸੰਪਰਕ 'ਚ ਕੌਣ-ਕੌਣ ਲੋਕ ਸਨ, ਉਸ ਨੂੰ ਨਸ਼ੇ ਦੀ ਸਪਲਾਈ ਕਿੱਥੋਂ ਮਿਲਦੀ ਸੀ ਅਤੇ ਇਸ ਕਥਿਤ ਕਾਰੋਬਾਰ 'ਚ ਉਸ ਦੇ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੋਰ ਸ਼ੱਕੀ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਵਾਇਰਲ ਵੀਡੀਓ ਨੇ ਫਿਲਹਾਲ ਇੱਕ ਔਰਤ ਨੂੰ ਜੇਲ੍ਹ ਪਹੁੰਚਾ ਦਿੱਤਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਬਠਿੰਡਾ 'ਚ ਨਸ਼ੇ ਦਾ ਇਹ ਕਥਿਤ ਨੈੱਟਵਰਕ ਆਖ਼ਰ ਕਿੰਨੀ ਡੂੰਘਾਈ ਤੱਕ ਫੈਲਿਆ ਹੋਇਆ ਹੈ ਅਤੇ ਇਸ ਦੇ ਪਿੱਛੇ ਅਸਲ ਸਪਲਾਇਰ ਕੌਣ ਹਨ?


 


author

Babita

Content Editor

Related News