ਚਰਨਜੀਤ ਚੰਨੀ ਦੀ ਹਾਈਕਮਾਂਡ ਨਾਲ ਹੋਈ ਮੀਟਿੰਗ ਮਗਰੋਂ ਸਾਹਮਣੇ ਆਈ ਵੱਡੀ ਅਪਡੇਟ
Wednesday, Aug 05, 2026 - 05:47 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ): ਕਾਂਗਰਸ ਪਾਰਟੀ ਵਿਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਰਮਿਆਨ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਤੀ ਕਾਂਗਰਸ ਹਾਈ ਕਮਾਨ ਨਾਰਾਜ਼ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਮੀਟਿੰਗਾਂ ਦੌਰਾਨ ਹੋ ਰਹੀ ਨਾਅਰੇਬਾਜ਼ੀ ਅਤੇ ਲਗਾਤਾਰ ਉੱਭਰ ਰਹੇ ਵਿਵਾਦਾਂ ਨੂੰ ਹਾਈ ਕਮਾਨ ਨੇ ਗੰਭੀਰਤਾ ਨਾਲ ਲਿਆ ਹੈ।
ਸੂਤਰਾਂ ਅਨੁਸਾਰ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਹਾਲ ਹੀ ਵਿਚ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਘੇਲ ਅਤੇ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਵਿਚ ਚੰਨੀ ਦੇ ਹੱਕ ਵਿਚ ਹੋ ਰਹੀ ਨਾਅਰੇਬਾਜ਼ੀ 'ਤੇ ਇਤਰਾਜ਼ ਜਤਾਇਆ। ਪਾਰਟੀ ਦੇ ਕੁਝ ਆਗੂਆਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਚੰਨੀ ਦੇ ਸਮਰਥਕ ਇਨ੍ਹਾਂ ਮੀਟਿੰਗਾਂ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਪਾਰਟੀ ਦੀ ਛਵੀ ਪ੍ਰਭਾਵਿਤ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਈ ਕਮਾਨ ਦੇ ਧਿਆਨ ਵਿਚ ਇਹ ਪੂਰਾ ਮਾਮਲਾ ਪਹੁੰਚ ਚੁੱਕਾ ਹੈ ਅਤੇ ਲਗਾਤਾਰ ਹੋ ਰਹੀ ਨਾਰੇਬਾਜ਼ੀ, ਵਿਰੋਧ ਅਤੇ ਵਿਵਾਦਾਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੇ.ਸੀ. ਵੇਣੂਗੋਪਾਲ ਨੇ ਚੰਨੀ ਨੂੰ ਪਾਰਟੀ ਅਨੁਸ਼ਾਸਨ ਅਤੇ ਸੰਗਠਨਕ ਏਕਤਾ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਵਿਚ ਪੋਸਟਰ ਜੰਗ ਵੀ ਤੇਜ਼ ਹੋ ਗਈ ਹੈ। ਇਕ ਪਾਸੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਦੇ ਵਿਰੋਧ ਵਿਚ ਪੋਸਟਰ ਲਗਾਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੀ ਪੋਸਟਰ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਕ-ਦੂਜੇ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ ਅਤੇ ਬਿਆਨਬਾਜ਼ੀ ਰਾਹੀਂ ਵੀ ਧੜੇ ਇਕ-ਦੂਜੇ 'ਤੇ ਹਮਲੇ ਕਰ ਰਹੇ ਹਨ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਪੰਜਾਬ ਕਾਂਗਰਸ ਵਿਚ ਧੜੇਬੰਦੀ ਹੁਣ ਚਾਰ ਵੱਖ-ਵੱਖ ਪੱਧਰਾਂ 'ਤੇ ਨਜ਼ਰ ਆ ਰਹੀ ਹੈ—ਮੀਟਿੰਗਾਂ ਵਿਚ ਨਾਅਰੇਬਾਜ਼ੀ, ਪੋਸਟਰ ਜੰਗ, ਸੋਸ਼ਲ ਮੀਡੀਆ ਮੁਹਿੰਮ ਅਤੇ ਜਨਤਕ ਬਿਆਨਬਾਜ਼ੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਹਾਈ ਕਮਾਨ ਵੱਲੋਂ ਸਿੱਧਾ ਦਖ਼ਲ ਦਿੱਤਾ ਜਾਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਪੰਜਾਬ ਇਕਾਈ ਵਿਚ ਵਧ ਰਹੇ ਅੰਦਰੂਨੀ ਕਲੇਸ਼ ਨੂੰ ਕਾਬੂ ਵਿਚ ਰੱਖਣਾ ਚਾਹੁੰਦੀ ਹੈ।
ਹਾਲਾਂਕਿ, ਇਸ ਸਬੰਧੀ ਕਾਂਗਰਸ ਹਾਈਕਮਾਨ ਜਾਂ ਚਰਨਜੀਤ ਸਿੰਘ ਚੰਨੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਸ ਲਈ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀਆਂ ਜਾਣਕਾਰੀਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
