10 NDPS ਕੇਸਾਂ ਦੀ ਮੁਲਜ਼ਮ ਔਰਤ ਦੀ ਗੈਰ-ਕਾਨੂੰਨੀ ਕੋਠੀ ''ਤੇ ਚੱਲਿਆ ਬੁਲਡੋਜ਼ਰ

Monday, Jul 27, 2026 - 03:40 PM (IST)

10 NDPS ਕੇਸਾਂ ਦੀ ਮੁਲਜ਼ਮ ਔਰਤ ਦੀ ਗੈਰ-ਕਾਨੂੰਨੀ ਕੋਠੀ ''ਤੇ ਚੱਲਿਆ ਬੁਲਡੋਜ਼ਰ

ਬਠਿੰਡਾ (ਵਿਜੈ ਵਰਮਾ) : ਬਠਿੰਡਾ 'ਚ ਸੋਮਵਾਰ ਨੂੰ ਸਿਵਲ ਪ੍ਰਸ਼ਾਸਨ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਪੁਲਸ ਦੀ ਮੌਜੂਦਗੀ 'ਚ ਨਸ਼ਾ ਤਸਕਰੀ ਦੇ ਮਾਮਲਿਆਂ 'ਚ ਨਾਮਜ਼ਦ ਇੱਕ ਔਰਤ ਦੀ ਗੈਰ-ਕਾਨੂੰਨੀ ਇਮਾਰਤ 'ਤੇ ਬੁਲਡੋਜ਼ਰ ਚਲਾ ਦਿੱਤਾ। ਧੋਬਿਆਣਾ ਬਸਤੀ ਦੇ ਪ੍ਰੀਤ ਨਗਰ 'ਚ ਸਥਿਤ ਇਹ ਇਮਾਰਤ ਮਨਜੀਤ ਕੌਰ ਉਰਫ਼ ਬੀਰਾ ਪਤਨੀ ਚਰਨਜੀਤ ਸਿੰਘ ਦੀ ਦੱਸੀ ਜਾ ਰਹੀ ਹੈ। ਇਸ ਖ਼ਿਲਾਫ਼ 10 ਕੇਸ ਦਰਜ ਹਨ। ਪ੍ਰਸ਼ਾਸਨ ਮੁਤਾਬਕ ਸਬੰਧਿਤ ਔਰਤ ਨੂੰ ਗੈਰ-ਕਾਨੂੰਨੀ ਉਸਾਰੀ ਹਟਾਉਣ ਅਤੇ ਥਾਂ ਖਾਲੀ ਕਰਨ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਸ ਵੱਲੋਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਦੇ ਨਿਰਦੇਸ਼ਾਂ 'ਤੇ ਭਾਰੀ ਪੁਲਸ ਬਲ ਦੀ ਮੌਜੂਦਗੀ 'ਚ ਬੁਲਡੋਜ਼ਰ ਚਲਾ ਕੇ ਪੂਰੀ ਇਮਾਰਤ ਨੂੰ ਢਾਹ ਦਿੱਤਾ ਗਿਆ।

ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਹੁਣ ਤੱਕ ਨਸ਼ਾ ਤਸਕਰੀ ਨਾਲ ਜੁੜੇ 19 ਮੁਲਜ਼ਮਾਂ ਦੀਆਂ ਗੈਰ-ਕਾਨੂੰਨੀ ਇਮਾਰਤਾਂ ਢਾਹੀਆਂ ਜਾ ਚੁੱਕੀਆਂ ਹਨ। ਪੁਲਸ ਦੇ ਅੰਕੜਿਆਂ ਅਨੁਸਾਰ 1 ਮਾਰਚ 2025 ਤੋਂ ਹੁਣ ਤੱਕ ਜ਼ਿਲ੍ਹੇ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ 2,881 ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 4,161 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ 'ਚ 105 ਵੱਡੇ ਨਸ਼ਾ ਤਸਕਰ ਵੀ ਸ਼ਾਮਲ ਹਨ। ਇਸੇ ਤਰ੍ਹਾਂ ਸਾਲ 2023 ਤੋਂ ਹੁਣ ਤੱਕ 90 ਮੁਲਜ਼ਮਾਂ ਦੀ ਲਗਭਗ 14.70 ਕਰੋੜ ਰੁਪਏ ਮੁੱਲ ਦੀ ਸੰਪਤੀ ਫਰੀਜ਼ ਕਰਵਾਈ ਜਾ ਚੁੱਕੀ ਹੈ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ।


author

Babita

Content Editor

Related News