ਔਰਤ ਤੇ ਨੌਜਵਾਨ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ
Wednesday, Jul 29, 2026 - 10:55 AM (IST)
ਅਬੋਹਰ (ਸੁਨੀਲ) : ਇੱਥੇ ਸਿਟੀ ਥਾਣਾ ਨੰਬਰ-1 ਦੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਬੀਤੀ ਰਾਤ ਮੋਟਰਸਾਈਕਲ ਸਵਾਰ ਇਕ ਔਰਤ ਅਤੇ ਇਕ ਨੌਜਵਾਨ ਨੂੰ ਵੱਡੀ ਮਾਤਰਾ ’ਚ ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਸਖ਼ਤ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥ ਕਿੱਥੋਂ ਪ੍ਰਾਪਤ ਕੀਤੇ, ਉਨ੍ਹਾਂ ਦਾ ਇਰਾਦਾ ਕਿੱਥੇ ਸਪਲਾਈ ਕਰਨ ਦਾ ਸੀ ਅਤੇ ਉਹ ਕਿੰਨੇ ਸਮੇਂ ਤੋਂ ਇਸ ਗੈਰ-ਕਾਨੂੰਨੀ ਕਾਰੋਬਾਰ ’ਚ ਸ਼ਾਮਲ ਹਨ। ਸਿਟੀ ਥਾਣਾ ਨੰਬਰ-1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਮੋਹਨ ਲਾਲ ਬੀਤੀ ਰਾਤ ਪੁਲਸ ਟੀਮ ਨਾਲ ਸੀਡ ਫਾਰਮ ਪੱਕਾ ਨੇੜੇ ਗਸ਼ਤ ਕਰ ਰਹੇ ਸਨ।
ਜਦੋਂ ਪੁਲਸ ਟੀਮ ਨੇ ਇਕ ਨੌਜਵਾਨ ਅਤੇ ਇਕ ਔਰਤ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਨੇ ਆਪਣਾ ਮੋਟਰਸਾਈਕਲ ਮੋੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਫੜ੍ਹ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ 15 ਗ੍ਰਾਮ ਹੈਰੋਇਨ, 170 ਨਸ਼ੇ ਵਾਲੀਆਂ ਗੋਲੀਆਂ ਅਤੇ ਲਗਭਗ 18,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਮੋਹਨ ਸਿੰਘ ਵਾਸੀ ਜੰਮੂ ਬਸਤੀ ਗਲੀ ਨੰਬਰ 5 ਅਤੇ ਪਰਮਜੀਤ ਕੌਰ ਉਰਫ਼ ਪੰਮੀ ਪਤਨੀ ਜਸਵਿੰਦਰ ਸਿੰਘ ਵਾਸੀ ਸੀਡ ਫਾਰਮ ਪੱਕਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
