ਅਲਾਵਲਪੁਰ ਵਿਖੇ ਸ਼ੱਕੀ ਹਾਲਾਤ ''ਚ ਔਰਤ ਦੀ ਮੌਤ, ਸਹੁਰੇ ਪਰਿਵਾਰ ''ਤੇ ਕਤਲ ਦੇ ਲੱਗੇ ਗੰਭੀਰ ਦੋਸ਼
Wednesday, Aug 05, 2026 - 12:39 PM (IST)
ਅਲਾਵਲਪੁਰ (ਬੰਗੜ)- ਅਲਾਵਲਪੁਰ ਦੇ ਭੰਡਾਰੀ ਮੁਹੱਲੇ ਵਿਚ ਔਰਤ ਦੀ ਲਾਸ਼ ਘਰ ਅੰਦਰ ਭੇਦਭਰੀ ਹਾਲਾਤ 'ਚ ਪੱਖੇ ਨਾਲ ਲਟਕਦੀ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ (43) ਵਜੋਂ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਜਤਿੰਦਰ ਪਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕੁਲਵਿੰਦਰ ਕੌਰ ਦਾ ਕਤਲ ਕਰਕੇ ਘਟਨਾ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਜਤਿੰਦਰ ਪਾਲ ਪਹਿਲਾਂ ਵੀ ਕੁਲਵਿੰਦਰ ਕੌਰ ਨਾਲ ਅਕਸਰ ਕੁੱਟਮਾਰ ਕਰਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਸੀ। ਉਨ੍ਹਾਂ ਮੁਤਾਬਕ 19 ਜੂਨ 2026 ਨੂੰ ਵੀ ਕੁਲਵਿੰਦਰ ਕੌਰ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਪੁਲਸ ਥਾਣੇ ਤੱਕ ਪਹੁੰਚਿਆ ਸੀ। ਉਸ ਸਮੇਂ ਅਲਾਵਲਪੁਰ ਦੇ ਮੋਹਤਬਰ ਵਿਅਕਤੀਆਂ ਤੇ ਦੋਵੇਂ ਪਰਿਵਾਰਾਂ ਦੀ ਹਾਜ਼ਰੀ ਵਿਚ ਸਮਝੌਤਾ ਕਰਵਾਇਆ ਗਿਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਮੁਲਜ਼ਮ ਪੱਖ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਅੱਗੇ ਤੋਂ ਕੁਲਵਿੰਦਰ ਕੌਰ ਨਾਲ ਨਾ ਤਾਂ ਕੁੱਟਮਾਰ ਕੀਤੀ ਜਾਵੇਗੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਝਗੜਾ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕੁਲਵਿੰਦਰ ਕੌਰ ਨੂੰ ਦੋਬਾਰਾ ਆਪਣੇ ਸਹੁਰੇ ਘਰ ਅਲਾਵਲਪੁਰ ਭੇਜਿਆ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਸਮਝੌਤੇ ਦੇ ਬਾਵਜੂਦ ਉਸ ਨਾਲ ਮੁੜ ਕੁੱਟਮਾਰ ਅਤੇ ਤੰਗ-ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਿਹਾ ਅਤੇ ਆਖ਼ਰਕਾਰ ਉਸ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼ ਹਦਾਇਤਾਂ
ਜਾਣਕਾਰੀ ਅਨੁਸਾਰ ਮ੍ਰਿਤਕਾ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ। ਉਸ ਦਾ ਵੱਡਾ ਬੇਟਾ ਬੌਬੀ ਵਰਮਾ (18 ਸਾਲ) ਹੈ ਜਦਕਿ ਛੋਟਾ ਬੇਟਾ ਕੁਨਾਲ (07) ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵਿਚ ਉਸ ਦੀ ਮਾਤਾ ਗੁਰਦੇਵ ਕੌਰ, ਵਿਜੇ ਕੁਮਾਰ (ਸੰਤੋਖਪੁਰਾ), ਓਮ ਪ੍ਰਕਾਸ਼ ਅਤੇ ਸੌਰਭ (ਜਲੰਧਰ) ਤੇ ਹੋਰ ਮੁਹਤਬਰ ਵਿਅਕਤੀ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਐੱਸ. ਆਈ. ਰਵਿੰਦਰ ਸਿੰਘ ਸਮੇਤ ਅਲਾਵਲਪੁਰ ਪੁਲਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਥਾਣਾ ਆਦਮਪੁਰ ਦੇ ਮੁਖੀ ਪੰਕਜ ਕੁਮਾਰ ਨੇ ਵੀ ਮੌਕੇ ਦਾ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਕਿਸੇ ਵੀ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਲਾਸ਼ ਨੂੰ ਅਲਾਵਲਪੁਰ ਪੁਲਸ ਚੌਕੀ ਦੇ ਸਾਹਮਣੇ ਰੱਖ ਕੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ
ਬਾਅਦ ’ਚ ਥਾਣਾ ਆਦਮਪੁਰ ਦੇ ਮੁਖੀ ਪੰਕਜ ਕੁਮਾਰ ਤੇ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਐੱਸ. ਆਈ. ਰਵਿੰਦਰ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾ ਦੀ ਮਾਤਾ ਗੁਰਦੇਵ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਜਤਿੰਦਰ ਪਾਲ (ਪਤੀ), ਉਸ ਦੀ ਮਾਤਾ (ਮ੍ਰਿਤਕਾ ਦੀ ਸੱਸ) ਤੇ ਮੁਲਜ਼ਮ ਦੀ ਭਰਜਾਈ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਜਲੀ ਉਤਪਾਦਨ ਤੇ ਸਿੰਚਾਈ 'ਤੇ ਡੂੰਘਾ ਹੋ ਸਕਦੈ ਸੰਕਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
