ਮਲੋਟ ਦੇ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਬਾਥਰੂਮ ’ਚ 18 ਘੰਟੇ ਬੰਦ ਰਹੀ ਬਜ਼ੁਰਗ ਔਰਤ
Thursday, Aug 06, 2026 - 03:17 PM (IST)
ਮਲੋਟ (ਜੁਨੇਜਾ, ਗੋਇਲ)- ਮਲੋਟ ਦੇ ਫਾਇਰ ਬ੍ਰਿਗੇਡ ਸਟੇਸ਼ਨ ਨੇੜੇ ਸਥਿਤ ਆਯੁਸ਼ਮਾਨ ਆਰੋਗਿਆ ਕੇਂਦਰ ਵਿਚ ਸਿਹਤ ਵਿਭਾਗ ਦੀ ਲਾਪ੍ਰਵਾਹੀ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰ. 10 ਦੀ ਰਹਿਣ ਵਾਲੀ ਬਜ਼ੁਰਗ ਔਰਤ ਕ੍ਰਿਸ਼ਨਾ ਰਾਣੀ ਮੰਗਲਵਾਰ ਦੁਪਹਿਰ ਕੇਂਦਰ ’ਚ ਦਵਾਈ ਲੈਣ ਆਈ ਸੀ। ਇਸ ਦੌਰਾਨ ਜਦੋਂ ਉਹ ਬਾਥਰੂਮ ਗਈ ਤਾਂ ਡਿਊਟੀ ’ਤੇ ਤਾਇਨਾਤ ਸਟਾਫ਼ ਬਿਨਾਂ ਜਾਂਚ ਕੀਤੇ ਬਾਹਰੋਂ ਤਾਲਾ ਲਾ ਕੇ ਘਰ ਚਲਾ ਗਿਆ, ਜਿਸ ਕਾਰਨ ਬਜ਼ੁਰਗ ਔਰਤ ਕਰੀਬ 18 ਘੰਟੇ ਬਾਥਰੂਮ ਦੇ ਅੰਦਰ ਹੀ ਕੈਦ ਰਹੀ।
ਦੂਜੇ ਪਾਸੇ ਔਰਤ ਦੇ ਘਰ ਨਾ ਪਰਤਣ ’ਤੇ ਚਿੰਤਤ ਪਰਿਵਾਰਕ ਮੈਂਬਰ ਸਾਰੀ ਰਾਤ ਸ਼ਹਿਰ ਅਤੇ ਰਿਸ਼ਤੇਦਾਰੀ ਵਿਚ ਉਸ ਦੀ ਭਾਲ ਕਰਦੇ ਰਹੇ। ਪੁਲਸ ਨੂੰ ਸੂਚਿਤ ਕਰਨ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਗੁੰਮਸ਼ੁਦਗੀ ਦੀ ਜਾਣਕਾਰੀ ਸਾਂਝੀ ਕੀਤੀ ਗਈ। ਅਗਲੀ ਸਵੇਰ ਜਦੋਂ ਸਟਾਫ਼ ਨੇ ਕੇਂਦਰ ਖੋਲ੍ਹਿਆ ਤਾਂ ਔਰਤ ਬਾਥਰੂਮ ’ਚੋਂ ਮਿਲੀ।
ਇਸ ਘਟਨਾ ਨੇ ਸਿਹਤ ਕੇਂਦਰ ਦੀ ਕਾਰਜਪ੍ਰਣਾਲੀ ਅਤੇ ਮਰੀਜ਼ਾਂ ਲਈ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਹਸਪਤਾਲ ਬੰਦ ਕਰਨ ਤੋਂ ਪਹਿਲਾਂ ਨਿਯਮਾਂ ਅਨੁਸਾਰ ਜਾਂਚ ਕੀਤੀ ਜਾਂਦੀ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ। ਜੇਕਰ ਅਗਲੇ ਦਿਨ ਛੁੱਟੀ ਹੁੰਦੀ ਤਾਂ ਕੋਈ ਵੱਡਾ ਭਾਣਾ ਵੀ ਵਾਪਰ ਸਕਦਾ ਸੀ।
ਮਾਮਲੇ ਸਬੰਧੀ ਸਿਵਲ ਹਸਪਤਾਲ ਮਲੋਟ ਦੇ ਐੱਸ . ਐੱਮ. ਓ. ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਆਯੁਸ਼ਮਾਨ ਆਰੋਗਿਆ ਕੇਂਦਰ ਦੇ ਸਟਾਫ਼ ਤੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਪੀੜਤ ਔਰਤ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾ ਕੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ’ਤੇ ਪਰਿਵਾਰ ਵਲੋਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ।
