ਰਾਜਾ ਵੜਿੰਗ ਸਾਹਮਣੇ ਚੰਨੀ ਦੇ ਨਾਅਰਿਆਂ ਨਾਲ ਗੂੰਜਿਆ ਮੰਚ! ਦਿੱਤੀ ਸਖ਼ਤ ਚਿਤਾਵਨੀ (ਵੀਡੀਓ)
Saturday, Aug 01, 2026 - 05:11 PM (IST)
ਪਟਿਆਲਾ/ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਚੱਲ ਰਹੀ ਅੰਦਰੂਨੀ ਖਿੱਚਤਾਣ ਹੁਣ ਸਿਰਫ਼ ਸੀਨੀਅਰ ਆਗੂਆਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਸ ਦੀਆਂ ਗੂੰਜਾਂ ਪਾਰਟੀ ਦੇ ਜ਼ਮੀਨੀ ਵਰਕਰਾਂ 'ਚ ਵੀ ਸਾਫ਼ ਸੁਣਾਈ ਦੇਣ ਲੱਗੀਆਂ ਹਨ। ਸ਼ਨੀਵਾਰ ਨੂੰ ਪਟਿਆਲਾ ਦੇ ਸਮਾਣਾ 'ਚ ਕਾਂਗਰਸ ਦੇ ਇੱਕ ਪ੍ਰੋਗਰਾਮ ਦੌਰਾਨ ਇਹ ਧੜੇਬੰਦੀ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਚੰਨੀ ਦੇ ਸਮਰਥਕਾਂ ਨੇ ਮੰਚ ਤੋਂ ਹੀ ਰਾਜਾ ਵੜਿੰਗ ਦਾ ਵਿਰੋਧ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰੋਗਰਾਮ ਦੌਰਾਨ ਜਿਵੇਂ ਹੀ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ, ਉਸੇ ਵੇਲੇ ਭੀੜ 'ਚ ਮੌਜੂਦ ਕੁੱਝ ਵਰਕਰਾਂ ਨੇ 'ਚੰਨੀ ਲਿਆਓ–ਪੰਜਾਬ ਬਚਾਓ' ਅਤੇ 'ਚੰਨੀ ਲਿਆਓ–ਕਾਂਗਰਸ ਬਚਾਓ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕੁੱਝ ਸਮੇਂ ਲਈ ਸਮਾਗਮ ਦਾ ਮਾਹੌਲ ਤਣਾਅਪੂਰਨ ਬਣ ਗਿਆ ਅਤੇ ਵੜਿੰਗ ਨੂੰ ਆਪਣਾ ਭਾਸ਼ਣ ਰੋਕਣਾ ਪਿਆ।
ਇਹ ਵੀ ਪੜ੍ਹੋ : ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ ਨੇ ਪਾਈ ਟੈਨਸ਼ਨ
ਨਾਅਰੇਬਾਜ਼ੀ ਤੋਂ ਨਾਰਾਜ਼ ਦਿਖਾਈ ਦਿੱਤੇ ਰਾਜਾ ਵੜਿੰਗ ਨੇ ਮੰਚ ਤੋਂ ਹੀ ਸਖ਼ਤ ਲਹਿਜ਼ੇ 'ਚ ਕਿਹਾ ਕਿ ਪਾਰਟੀ ਦੇ ਅਧਿਕਾਰਤ ਪ੍ਰੋਗਰਾਮ ਨੂੰ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਵਰਕਰਾਂ ਨੂੰ ਸਵਾਲ ਕੀਤਾ ਕਿ ਆਖ਼ਰ ਨਾਅਰੇਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਵੜਿੰਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਪ੍ਰੋਗਰਾਮ ਦਾ ਮਾਹੌਲ ਖ਼ਰਾਬ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਪੰਜਾਬ ਕਾਂਗਰਸ ਪਹਿਲਾਂ ਹੀ ਅੰਦਰੂਨੀ ਧੜੇਬੰਦੀ ਨੂੰ ਲੈ ਕੇ ਚਰਚਾ 'ਚ ਹੈ। ਪਾਰਟੀ ਦੇ ਅੰਦਰ ਲੰਬੇ ਸਮੇਂ ਤੋਂ ਚੰਨੀ ਅਤੇ ਵੜਿੰਗ ਦੇ ਸਮਰਥਕਾਂ ਵਿਚਾਲੇ ਸਿਆਸੀ ਖਿੱਚੋਤਾਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਹਨ ਪਰ ਹੁਣ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਦੌਰਾਨ ਇਹ ਟਕਰਾਅ ਇੰਨਾ ਸਪੱਸ਼ਟ ਰੂਪ 'ਚ ਸਾਹਮਣੇ ਆਇਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਸਮੇਂ ਸਿਰ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਨ ਲਈ ਦਖ਼ਲ ਨਾ ਦਿੱਤਾ ਤਾਂ ਇਸ ਦਾ ਅਸਰ ਆਉਣ ਵਾਲੀਆਂ ਸਿਆਸੀ ਚੁਣੌਤੀਆਂ ਅਤੇ ਚੋਣੀ ਤਿਆਰੀਆਂ 'ਤੇ ਪੈ ਸਕਦਾ ਹੈ। ਪਾਰਟੀ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਜ਼ਮੀਨੀ ਵਰਕਰ ਮੰਨੇ ਜਾਂਦੇ ਹਨ ਅਤੇ ਜੇਕਰ ਉਹ ਵੀ ਵੱਖ-ਵੱਖ ਧੜਿਆਂ 'ਚ ਵੰਡੇ ਹੋਏ ਦਿਖਾਈ ਦੇਣ ਤਾਂ ਸੰਗਠਨ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਰਾਹਤ ਭਰੀ ਖ਼ਬਰ, CPDL ਨੇ ਦੱਸਿਆ ਬਿਜਲੀ ਬਿੱਲ 'ਚ ਬਚਤ ਦਾ ਨਵਾਂ ਫਾਰਮੂਲਾ
ਸਮਾਣਾ ਦੀ ਇਹ ਘਟਨਾ ਸਿਰਫ਼ ਇੱਕ ਪ੍ਰੋਗਰਾਮ 'ਚ ਹੋਈ ਨਾਅਰੇਬਾਜ਼ੀ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਅੰਦਰ ਵੱਧ ਰਹੀ ਬੇਚੈਨੀ ਦਾ ਸੰਕੇਤ ਵੀ ਮੰਨੀ ਜਾ ਰਹੀ ਹੈ। ਇੱਕ ਪਾਸੇ ਚੰਨੀ ਦੇ ਹੱਕ 'ਚ ਖੁੱਲ੍ਹ ਕੇ ਨਾਅਰੇ ਲੱਗੇ, ਜਦੋਂ ਕਿ ਦੂਜੇ ਪਾਸੇ ਪ੍ਰਦੇਸ਼ ਪ੍ਰਧਾਨ ਵੜਿੰਗ ਨੇ ਅਨੁਸ਼ਾਸਨ ਦੀ ਗੱਲ ਕਰਦਿਆਂ ਸਖ਼ਤ ਸੰਦੇਸ਼ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ ਇਸ ਘਟਨਾ ਨੂੰ ਸਿਰਫ਼ ਅਨੁਸ਼ਾਸਨਹੀਣਤਾ ਮੰਨਦੀ ਹੈ ਜਾਂ ਇਸ ਨੂੰ ਅੰਦਰੂਨੀ ਧੜੇਬੰਦੀ ਦੇ ਵੱਧਦੇ ਸੰਕੇਤ ਵਜੋਂ ਦੇਖਦਿਆਂ ਕੋਈ ਵੱਡਾ ਸੰਗਠਨਾਤਮਕ ਕਦਮ ਚੁੱਕਦੀ ਹੈ। ਫ਼ਿਲਹਾਲ ਸਮਾਣਾ ਦਾ ਇਹ ਘਟਨਾਕ੍ਰਮ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ 'ਚ ਲੈ ਆਇਆ ਹੈ ਅਤੇ ਇਹ ਸਪੱਸ਼ਟ ਕਰ ਗਿਆ ਹੈ ਕਿ ਨੇਤਾਵਾਂ ਵਿਚਾਲੇ ਚੱਲ ਰਹੇ ਮਤਭੇਦ ਹੁਣ ਵਰਕਰਾਂ ਦੇ ਵਰਤਾਓ 'ਚ ਵੀ ਨਜ਼ਰ ਆਉਣ ਲੱਗੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
