ਬ੍ਰਾਜ਼ੀਲ ''ਚ ਕੋਰੋਨਾ ਨੇ ਲਈਆਂ 10 ਹਜ਼ਾਰ ਜਾਨਾਂ ਪਰ ਨਜ਼ਾਰੇ ਲੈਂਦੇ ਦਿਸੇ ਰਾਸ਼ਟਰਪਤੀ
Monday, May 11, 2020 - 07:49 AM (IST)

ਬ੍ਰਾਸੀਲੀਆ- ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਮਹਾਂਮਾਰੀ ਨੇ 10 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਡੇਢ ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ ਪਰ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਬੋਲਸੋਨਾਰੋ ਸ਼ਨੀਵਾਰ ਨੂੰ ਰਾਜਧਾਨੀ ਬ੍ਰਾਸੀਲੀਆ ਦੀ ਇੱਕ ਝੀਲ 'ਤੇ ਜੈੱਟ ਸਕੀ ਦਾ ਮਜ਼ਾ ਲੈਂਦੇ ਨਜ਼ਰ ਆਏ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੜ੍ਹੇ ਹੋ ਕੇ ਤਸਵੀਰਾਂ ਵੀ ਖਿਚਵਾਈਆਂ। ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਤੇ ਮਹਾਂਮਾਰੀ ਨਾਲ ਨਜਿੱਠਣ ਪ੍ਰਤੀ ਗੰਭੀਰ ਨਾ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਬ੍ਰਿਟਿਸ਼ ਸਾਇੰਸ ਜਰਨਲ ਲੈਂਸੇਟ ਦਾ ਤਾਂ ਇਹ ਕਹਿਣਾ ਹੈ ਕਿ ਕੋਰੋਨਾ ਸੰਕਟ ਵਿਚ ਬ੍ਰਾਜ਼ੀਲ ਲਈ ਸਭ ਤੋਂ ਵੱਡਾ ਖਤਰਾ ਇਸ ਦਾ ਰਾਸ਼ਟਰਪਤੀ ਬੋਲਸੋਨਾਰੋ ਹੈ।
ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇਸ਼ ਦਾ ਮੁਖੀ ਹੁੰਦਾ ਹੈ ਜੋ ਲੋਕਾਂ ਦਾ ਸੁੱਖ-ਦੁੱਖ ਵਿਚ ਸਾਥ ਦਿੰਦਾ ਹੈ ਪਰ ਬੋਲਸੋਨਾਰੋ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਲੋਕਾਂ ਦੇ ਦੁੱਖਾਂ ਨਾਲ ਕੋਈ ਮਤਲਬ ਨਹੀਂ ਹੈ।
ਬੋਲਸੋਨਾਰੋ ਵਾਇਰਸ ਨੂੰ ਰੋਕਣ ਲਈ ਸਰੀਰਕ ਦੂਰੀ ਅਤੇ ਲਾਕਡਾਊਨ ਵਰਗੇ ਮਹੱਤਵਪੂਰਨ ਕਦਮਾਂ ਦਾ ਵਿਰੋਧ ਕਰ ਰਹੇ ਸਨ। ਰਾਸ਼ਟਰਪਤੀ ਦੇ ਇਤਰਾਜ਼ ਦੇ ਬਾਵਜੂਦ, ਬ੍ਰਾਜ਼ੀਲ ਦੀਆਂ ਸੂਬਾਈ ਸਰਕਾਰਾਂ ਲਾਕਡਾਊਨ ਕਰਕੇ ਲੋਕਾਂ ਨੂੰ ਨਿਯਮਾਂ ਵਿਚ ਰਹਿਣ ਦੀ ਅਪੀਲ ਕਰ ਰਹੀਆਂ ਹਨ। ਪਿਛਲੇ 10 ਦਿਨਾਂ ਵਿੱਚ, ਇੱਥੇ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਪਰ ਲੱਗਦਾ ਨਹੀਂ ਹੈ ਕਿ ਇਸ ਨਾਲ ਬੋਲਸੋਨਾਰੋ ਨੂੰ ਕੋਈ ਮਤਲਬ ਨਹੀਂ ਹੈ ਤੇ ਉਹ ਆਪਣੀ ਜ਼ਿੰਦਗੀ ਨਜ਼ਾਰੇ ਨਾਲ ਜੀਅ ਰਹੇ ਹਨ।