ਇਜ਼ਰਾਇਲੀ ਪੀ.ਐੱਮ. ਦੇ ਮੁੰਡੇ ਦਾ ਅਕਾਉਂਟ ਫੇਸਬੁੱਕ ਵਲੋਂ ਬਲਾਕ
Monday, Dec 17, 2018 - 03:06 PM (IST)

ਯੇਰੂਸ਼ਲਮ— ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸਭ ਤੋਂ ਵੱਡੇ ਬੇਟੇ ਯਾਇਰ ਨੇਤਨਯਾਹੂ ਨੇ ਟਵੀਟ ਕੀਤਾ ਹੈ ਕਿ ਮੁਸਲਿਮ ਵਿਰੋਧੀ ਪੋਸਟ ਦੇ ਚੱਲਦੇ ਫੇਸਬੁੱਕ ਨੇ ਉਨ੍ਹਾਂ ਦਾ ਅਕਾਊਂਟ 24 ਘੰਟੇ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਇਕ ਕਦਮ ਨੂੰ 'ਤਾਨਾਸ਼ਾਹੀ' ਕਰਾਰ ਦਿੱਤਾ।
ਫਿਲਸਤੀਨ ਵਲੋਂ ਹੋਏ ਘਾਤਕ ਹਮਲਿਆਂ ਤੋਂ ਬਾਅਦ ਯਾਇਰ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਸੀ ਕਿ ਸਾਰੇ ਮੁਸਲਮਾਨ ਇਜ਼ਰਾਇਲ ਛੱਡ ਦੇਣ। ਯਾਇਰ ਨੇ ਆਪਣੇ ਇਕ ਹੋਰ ਪੋਸਟ 'ਚ ਲਿੱਖਿਆ ਸੀ ਕਿ ਸ਼ਾਂਤੀ ਦੇ ਸਿਰਫ ਦੋ ਹੀ ਸੰਭਾਵਿਤ ਹੱਲ ਹਨ। ਜਾਂ ਤਾਂ ਸਾਰੇ ਯਹੂਦੀ ਇਜ਼ਰਾਇਲ ਛੱਡ ਦੇਣ ਜਾਂ ਫਿਰ ਸਾਰੇ ਮੁਸਲਮਾਨ ਇਜ਼ਰਾਇਲ ਛੱਡ ਦੇਣ।
ਯਾਇਰ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਵੀਰਵਾਰ ਨੂੰ ਮੱਧ ਵੈਸਟ ਬੈਂਕ 'ਚ ਇਕ ਬਸਤੀ ਦੇ ਨੇੜੇ ਇਕ ਬੱਸ ਸਟੇਸ਼ਨ 'ਤੇ ਹੋਏ ਇਕ ਹਮਲੇ 'ਚ ਦੋ ਫੌਜੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਦਿਨ ਨੇੜੇ ਹੋਏ ਇਕ ਹੋਰ ਹਮਲੇ 'ਚ ਇਕ ਮਹਿਲਾ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਈ, ਜਿਸ ਕਾਰਨ ਔਰਤ ਦੀ ਡਿਲਵਰੀ ਸਮੇਂ ਤੋਂ ਪਹਿਲਾ ਕਰਵਾਉਣੀ ਪਈ ਤੇ ਬਾਅਦ 'ਚ ਉਸ ਦੇ ਬੱਚੇ ਦੀ ਮੌਤ ਹੋ ਗਈ।
ਫੇਸਬੁੱਕ ਨੇ ਯਾਇਰ ਨੇਤਨਯਾਹੂ ਦੀ ਪੋਸਟ ਨੂੰ ਸਾਈਟ ਤੋਂ ਹਟਾ ਦਿੱਤਾ ਹੈ। ਇਸ 'ਤੇ ਉਨ੍ਹਾਂ ਨੇ ਟਵਿਟਰ 'ਤੇ ਫੇਸਬੁੱਕ ਦੀ ਨਿੰਦਾ ਕੀਤੀ ਤੇ ਉਸ ਦੇ ਕਤਮ ਨੂੰ 'ਤਾਨਾਸ਼ਾਹੀ' ਕਰਾਰ ਦਿੱਤਾ।