ਕਾਂਗਰਸ ਵਲੋਂ ਬਲਾਕ ਪੰਚਾਇਤ ਦਫ਼ਤਰ ਅੱਗੇ ਵੱਡਾ ਰੋਸ ਧਰਨਾ
Monday, Mar 16, 2026 - 03:43 PM (IST)
ਮਾਛੀਵਾੜਾ ਸਾਹਿਬ (ਟੱਕਰ) : ਤਿੰਨ ਦਿਨ ਪਹਿਲਾਂ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਚ ਬਲਾਕ ਸੰਮਤੀ ਮੈਂਬਰਾਂ ਦੀ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦਿਆਂ ਲਈ ਬਹੁਮਤ ਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵਲੋਂ ਇਹ ਚੋਣ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਾਂਗਰਸ ਵਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਬਲਾਕ ਪੰਚਾਇਤ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋਏ ਜਿਨ੍ਹਾਂ ‘ਆਪ’ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੀ ‘ਆਪ’ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ, ਫਿਰ ਬਲਾਕ ਸੰਮਤੀ ਚੋਣ ਦੌਰਾਨ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੁਣ ਤਾਂ ਇਸ ‘ਆਪ’ ਸਰਕਾਰ ਨੇ ਸੰਵਿਧਾਨ ਤੇ ਲੋਕਤੰਤਰ ਦਾ ਕਤਲ ਹੀ ਕਰ ਦਿੱਤਾ ਜਦੋਂ 16 ’ਚੋਂ 6 ‘ਆਪ’ ਬਲਾਕ ਸੰਮਤੀ ਮੈਂਬਰਾਂ ਨੇ ਬਹੁਮਤ ਨਾ ਹੋਣ ਦੇ ਬਾਵਜੂਦ ਚੇਅਰਮੈਨ ਤੇ ਉਪ ਚੇਅਰਮੈਨ ਚੁਣ ਲਏ। ਉਨ੍ਹਾਂ ਕਿਹਾ ਕਿ ਸਾਡੇ ਕਿਸੇ ਵੀ ਬਲਾਕ ਸੰਮਤੀ ਮੈਂਬਰ ਨੂੰ ਅਹੁਦਿਆਂ ਦੀ ਚੋਣ ਦਾ ਏਜੰਡਾ ਹੀ ਨਹੀਂ ਭੇਜਿਆ ਗਿਆ ਅਤੇ ਸਮਰਾਲਾ ਸਬ-ਡਵੀਜ਼ਨ ਦੀ ਅਫ਼ਸਰਸ਼ਾਹੀ ਵੀ ਸਰਕਾਰ ਦੇ ਦਬਾਅ ਹੇਠ ਆ ਕੇ ਕੰਮ ਕਰ ਰਹੀ ਹੈ।
ਰਾਜਾ ਗਿੱਲ ਨੇ ਕਿਹਾ ਕਿ ਜੇਕਰ ਇਨ੍ਹਾਂ ਨੇ ਲੋਕਤੰਤਰ ਦੀਆਂ ਧੱਜੀਆਂ ਹੀ ਉਡਾਉਣੀਆਂ ਹਨ ਤਾਂ ਚੋਣਾਂ ਕਿਉਂ ਕਰਵਾਉਂਦੇ ਹਨ ਬਲਕਿ ਆਪਣੇ ਚਹੇਤੇ ਆਗੂਆਂ ਨੂੰ ਹੀ ਅਹੁਦੇ ਦੇ ਦਿੱਤੇ ਜਾਣ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੇਅਰਮੈਨ ਤੇ ਉਪ ਚੇਅਰਮੈਨ ਤੇ ਅਹੁਦੇ ਲਈ ਕੋਈ ਚੋਣ ਏਜੰਡਾ ਨਹੀਂ ਮਿਲਿਆ ਬਲਕਿ ਚੁੱਪ-ਚਪੀਤੇ ਧੱਕੇਸ਼ਾਹੀ ਕਰਦਿਆਂ ਇਹ ਚੋਣ ਕਰ ਲਈ ਗਈ। ਇਸ ਤੋਂ ਇਲਾਵਾ ਕਾਂਗਰਸ ਦੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਹੁਣ ਅੰਤ ਹੋਣ ਵਾਲਾ ਹੈ ਕਿਉਂਕਿ 2027 ਵਿਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ ਨੂੰ ਬਹੁਮਤ ਨਾਲ ਸੱਤਾ ਵਿਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਉਹ 30 ਸਾਲਾਂ ਤੋਂ ਸਿਆਸਤ ਵਿਚ ਸਰਗਰਮ ਹਨ ਪਰ ਜੋ ਧੱਕੇਸ਼ਾਹੀ ਦੀਆਂ ਹੱਦਾਂ ‘ਆਪ’ ਸਰਕਾਰ ਟੱਪ ਗਈ ਉਹ ਕਦੇ ਨਹੀਂ ਹੋਇਆ।
