ਬੰਗਲਾਦੇਸ਼ ''ਚ ਨਹੀਂ ਰੁਕ ਰਹੀਆਂ ਹਿੰਸਕ ਵਾਰਦਾਤਾਂ ! ਹੁਣ BNP ਨੇਤਾ ਦਾ ਗੋਲ਼ੀ ਮਾਰ ਕੇ ਕਤਲ
Thursday, Jan 08, 2026 - 09:16 AM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਰਾਜਧਾਨੀ ਢਾਕਾ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਰਾਤ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਆਗੂ ਅਜ਼ੀਜ਼ੂਰ ਰਹਿਮਾਨ ਮੁਸੱਬੀਰ ਦਾ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿੱਚ ਕਾਰਵਾਂ ਬਾਜ਼ਾਰ ਵੈਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਬੂ ਸੁਫੀਆਨ ਮਸੂਦ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਇਹ ਵਾਰਦਾਤ ਰਾਤ ਕਰੀਬ 8:40 ਵਜੇ ਤੇਜਤੁਰੀ ਬਾਜ਼ਾਰ ਇਲਾਕੇ ਵਿੱਚ ਸਟਾਰ ਕਬਾਬ ਦੇ ਨੇੜੇ ਇੱਕ ਗਲੀ ਵਿੱਚ ਵਾਪਰੀ। ਪੁਲਸ ਮੁਤਾਬਕ, ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਸਮੇਂ ਅੰਨ੍ਹੇਵਾਹ ਫਾਇਰਿੰਗ ਕੀਤੀ ਜਦੋਂ ਮੁਸੱਬੀਰ ਅਤੇ ਮਸੂਦ ਇੱਕ ਪ੍ਰੋਗਰਾਮ ਤੋਂ ਬਾਅਦ ਪੈਦਲ ਜਾ ਰਹੇ ਸਨ। ਮੁਸੱਬੀਰ ਨੂੰ ਗੰਭੀਰ ਹਾਲਤ ਵਿੱਚ ਬੀ.ਆਰ.ਬੀ. (BRB) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮਸੂਦ ਦੇ ਪੇਟ ਵਿੱਚ ਗੋਲੀ ਲੱਗੀ ਹੈ ਅਤੇ ਉਸ ਦਾ ਇਲਾਜ ਢਾਕਾ ਮੈਡੀਕਲ ਕਾਲਜ ਹਸਪਤਾਲ ਵਿੱਚ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੁਸੱਬੀਰ ਢਾਕਾ ਸਿਟੀ ਨੌਰਥ ਸਵੇਛਾਸੇਵਕ ਦਲ ਦੇ ਸਾਬਕਾ ਜਨਰਲ ਸਕੱਤਰ ਸਨ ਅਤੇ ਉਨ੍ਹਾਂ ਨੇ 2020 ਦੀਆਂ ਨਗਰ ਨਿਗਮ ਚੋਣਾਂ ਵਿੱਚ ਕੌਂਸਲਰ ਦੇ ਅਹੁਦੇ ਲਈ ਚੋਣ ਲੜੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਅਵਾਮੀ ਲੀਗ ਦੇ ਸ਼ਾਸਨ ਦੌਰਾਨ ਕਈ ਵਾਰ ਸਿਆਸੀ ਕੇਸਾਂ ਵਿੱਚ ਜੇਲ੍ਹ ਵੀ ਗਏ ਸਨ।
ਇਸ ਕਤਲ ਤੋਂ ਬਾਅਦ ਸਥਾਨਕ ਬੀ.ਐੱਨ.ਪੀ. ਕਾਰਕੁਨਾਂ ਵੱਲੋਂ ਸੋਨਾਰਗਾਂਵ ਚੌਕ ਨੇੜੇ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਘਟਨਾ 12 ਫਰਵਰੀ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਠੀਕ ਪਹਿਲਾਂ ਵਾਪਰੀ ਹੈ, ਜਿਸ ਕਾਰਨ ਦੇਸ਼ ਵਿੱਚ ਕਾਨੂੰਨ ਵਿਵਸਥਾ ਅਤੇ ਵਧ ਰਹੀ ਸਿਆਸੀ ਹਿੰਸਾ ਨੂੰ ਲੈ ਕੇ ਚਿੰਤਾਵਾਂ ਹੋਰ ਡੂੰਘੀਆਂ ਹੋ ਗਈਆਂ ਹਨ।
