ਖਮੇਨੇਈ ਦਾ ਪੁੱਤਰ ਈਰਾਨ ਦਾ ਨੇਤਾ ਬਣਨ ਦੇ ਯੋਗ ਨਹੀਂ; ਸੁਪਰੀਮ ਲੀਡਰ ਚੁਣਨ ''ਚ ਮੇਰੀ ਰਾਏ ਜ਼ਰੂਰੀ: ਟਰੰਪ

Friday, Mar 06, 2026 - 12:58 AM (IST)

ਖਮੇਨੇਈ ਦਾ ਪੁੱਤਰ ਈਰਾਨ ਦਾ ਨੇਤਾ ਬਣਨ ਦੇ ਯੋਗ ਨਹੀਂ; ਸੁਪਰੀਮ ਲੀਡਰ ਚੁਣਨ ''ਚ ਮੇਰੀ ਰਾਏ ਜ਼ਰੂਰੀ: ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਯਾਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੇ ਅਗਲੇ ਸੁਪਰੀਮ ਲੀਡਰ ਦੀ ਚੋਣ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਈਰਾਨ ਦੇ ਨਵੇਂ ਆਗੂ ਦੀ ਨਿਯੁਕਤੀ ਵਿੱਚ ਭੂਮਿਕਾ ਨਿਭਾਉਣੀ ਚਾਹੁੰਦੇ ਹਨ, ਜਿਸ ਦੀ ਤੁਲਨਾ ਉਨ੍ਹਾਂ ਨੇ ਵੈਨੇਜ਼ੁਏਲਾ ਦੇ ਸਿਆਸੀ ਘਟਨਾਕ੍ਰਮ ਵਿੱਚ ਆਪਣੀ ਸ਼ਮੂਲੀਅਤ ਨਾਲ ਕੀਤੀ।

ਖਮੇਨੇਈ ਦੇ ਪੁੱਤਰ ਨੂੰ ਦੱਸਿਆ 'ਨਾ-ਮਨਜ਼ੂਰ' 
ਟਰੰਪ ਨੇ ਖਮੇਨੇਈ ਦੇ ਪੁੱਤਰ ਮੋਜਤਬਾ ਖਮੇਨੇਈ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਨੂੰ ਸੁਪਰੀਮ ਲੀਡਰ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟਰੰਪ ਨੇ ਮੋਜਤਬਾ ਨੂੰ 'ਲਾਈਟਵੇਟ' ਅਤੇ 'ਨਾ-ਮਨਜ਼ੂਰ' ਕਰਾਰ ਦਿੰਦੇ ਹੋਏ ਕਿਹਾ ਕਿ ਈਰਾਨੀ ਅਧਿਕਾਰੀ ਉਸ ਦਾ ਨਾਮ ਅੱਗੇ ਵਧਾ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਪੁਰਾਣੀਆਂ ਨੀਤੀਆਂ ਨੂੰ ਹੀ ਜਾਰੀ ਰੱਖਿਆ, ਤਾਂ ਭਵਿੱਖ ਵਿੱਚ ਅਮਰੀਕਾ ਨਾਲ ਮੁੜ ਸੰਘਰਸ਼ ਹੋ ਸਕਦਾ ਹੈ। ਟਰੰਪ ਅਨੁਸਾਰ ਉਹ ਅਜਿਹਾ ਲੀਡਰ ਚਾਹੁੰਦੇ ਹਨ ਜੋ ਈਰਾਨ ਵਿੱਚ 'ਸ਼ਾਂਤੀ ਅਤੇ ਤਾਲਮੇਲ' ਲਿਆ ਸਕੇ।

ਈਰਾਨ ਵੱਲੋਂ ਖ਼ਬਰਾਂ ਦਾ ਖੰਡਨ
ਦੂਜੇ ਪਾਸੇ, ਮੁੰਬਈ ਸਥਿਤ ਈਰਾਨੀ ਕੌਂਸਲੇਟ ਜਨਰਲ ਨੇ ਮੋਜਤਬਾ ਖਮੇਨੇਈ ਨੂੰ ਉੱਤਰਾਧਿਕਾਰੀ ਬਣਾਏ ਜਾਣ ਦੀਆਂ ਖ਼ਬਰਾਂ ਨੂੰ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਸਪੱਸ਼ਟ ਕੀਤਾ ਗਿਆ ਕਿ ਈਰਾਨ ਦੀ 'ਅਸੈਂਬਲੀ ਆਫ ਐਕਸਪਰਟਸ' ਵੱਲੋਂ ਕਿਸੇ ਨਾਮ 'ਤੇ ਅੰਤਿਮ ਫੈਸਲਾ ਲੈਣ ਬਾਰੇ ਚੱਲ ਰਹੀਆਂ ਅਫਵਾਹਾਂ ਦਾ ਕੋਈ ਅਧਿਕਾਰਤ ਸਰੋਤ ਨਹੀਂ ਹੈ। ਹਾਲਾਂਕਿ, ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਮੋਜਤਬਾ ਦੇ ਈਰਾਨੀ ਰਿਵੋਲਿਊਸ਼ਨਰੀ ਗਾਰਡਸ (IRGC) ਨਾਲ ਨੇੜਲੇ ਸਬੰਧ ਹੋਣ ਕਾਰਨ ਉਹ ਅਜੇ ਵੀ ਦੌੜ ਵਿੱਚ ਅੱਗੇ ਹਨ।

ਜੰਗ ਦੇ ਮੈਦਾਨ ਵਿੱਚ ਤਣਾਅ ਬਰਕਰਾਰ 
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਫੌਜੀ ਹਮਲੇ ਵਿੱਚ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਹਾਲਾਤ ਬੇਹੱਦ ਨਾਜ਼ੁਕ ਹਨ। ਇਸ ਦੇ ਜਵਾਬ ਵਿੱਚ ਈਰਾਨ ਨੇ ਕਈ ਅਰਬ ਦੇਸ਼ਾਂ, ਅਮਰੀਕੀ ਫੌਜੀ ਟਿਕਾਣਿਆਂ ਅਤੇ ਇਜ਼ਰਾਈਲੀ ਸੰਪਤੀਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀ ਲਹਿਰ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਵੱਲੋਂ ਵੀ ਲਗਾਤਾਰ ਤੇਹਰਾਨ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਜਵਾਬੀ ਕਾਰਵਾਈ ਜਾਰੀ ਹੈ।
 


author

Inder Prajapati

Content Editor

Related News