''''ਹੁਣ ਨਹੀਂ ਰੁਕੇਗਾ ਭਾਰਤ..!'''', ਅਮਰੀਕਾ ਬਾਰੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੇ''ਤਾ ਵੱਡਾ ਬਿਆਨ
Sunday, Mar 08, 2026 - 10:20 AM (IST)
ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਦੇ ਉਭਾਰ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਦੇਸ਼ ਆਪਣੀ ਤਾਕਤ ਦੇ ਦਮ ’ਤੇ ਆਪਣਾ ਵਿਕਾਸ ਨਿਰਧਾਰਤ ਕਰੇਗਾ। ਜੈਸ਼ੰਕਰ ਦੀਆਂ ਟਿੱਪਣੀਆਂ ਰਾਏਸੀਨਾ ਡਾਇਲਾਗ ’ਚ ਅਮਰੀਕੀ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੌ ਦੇ ਉਸ ਬਿਆਨ ਤੋਂ 2 ਦਿਨ ਬਾਅਦ ਆਈਆਂ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਭਾਰਤ ਨੂੰ ਉਹੀ ਆਰਥਿਕ ਲਾਭ ਦੇਣ ਦੀ ਗਲਤੀ ਨਹੀਂ ਦੁਹਰਾਏਗਾ ਜੋ ਉਸ ਨੇ ਚੀਨ ਨੂੰ ਦਿੱਤੇ ਸਨ। ਉਸ ਕਾਰਨ ਬੀਜਿੰਗ ਇਕ ਵੱਡਾ ਵਿਰੋਧੀ ਬਣ ਗਿਆ ਸੀ। ਜੈਸ਼ੰਕਰ ਨੇ ਇਕ ਗੱਲਬਾਤ ਸੈਸ਼ਨ ਦੌਰਾਨ ਕਿਹਾ ਕਿ ਜਦੋਂ ਅਸੀਂ ਦੇਸ਼ਾਂ ਦੇ ਉਭਾਰ ਬਾਰੇ ਗੱਲ ਕਰਦੇ ਹਾਂ ਤਾਂ ਉਭਾਰ ਸਬੰਧਤ ਦੇਸ਼ ਖੁਦ ਨਿਰਧਾਰਤ ਕਰਦੇ ਹਨ। ਭਾਰਤ ਵੀ ਆਪਣਾ ਉਭਾਰ ਖੁਦ ਨਿਰਧਾਰਤ ਕਰੇਗਾ। ਕਿਸੇ ਵੀ ਦੇਸ਼ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਇਹ ਸਾਡੀਆਂ ਤਾਕਤਾਂ ਰਾਹੀਂ ਨਿਰਧਾਰਤ ਕੀਤਾ ਜਾਵੇਗਾ, ਦੂਜਿਆਂ ਦੀਆਂ ਗਲਤੀਆਂ ਰਾਹੀਂ ਨਹੀਂ।
ਜੈਸ਼ੰਕਰ ਨੇ ਹਿੰਦ ਮਹਾਸਾਗਰ ’ਚ ਭਾਰਤ ਦੀ ਕੇਂਦਰੀ ਭੂਮਿਕਾ ’ਤੇ ਵੀ ਚਾਨਣਾ ਪਾਇਆ ਤੇ ਕਿਹਾ ਕਿ ਸਾਡੇ ਨਾਲ ਕੰਮ ਕਰਨ ਵਾਲਿਆਂ ਨੂੰ ਸਪੱਸ਼ਟ ਤੌਰ ’ਤੇ ਵਧੇਰੇ ਫਾਇਦਾ ਹੋਵੇਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਭਾਰਤ ਦੇ ਵਿਕਾਸ ਲਈ ਕੋਈ ਚੁਣੌਤੀਆਂ ਨਹੀਂ ਹਨ; ਚੁਣੌਤੀਆਂ ਹਨ ਪਰ ਭਾਰਤ ਦੇ ਵਿਕਾਸ ਦੀ ਦਿਸ਼ਾ ਬਹੁਤ ਸਪੱਸ਼ਟ ਹੈ। ਇਕ ਤਰ੍ਹਾਂ ਨਾਲ ਇਹ ਰੁਕਣ ਵਾਲੀ ਨਹੀਂ ਹੈ। ਇਸ ਦਰਮਿਆਨ ਜੈਸ਼ੰਕਰ ਨੇ ਇਕ ਈਰਾਨੀ ਸਮੁੰਦਰੀ ਫੌਜ ਦੇ ਜਹਾਜ਼ ਨੂੰ ਭਾਰਤ ਵਿਚ ਸ਼ਰਨ ਦੇਣ ਦੇ ਫ਼ੈਸਲੇ ਨੂੰ ‘ਇਨਸਾਨੀਅਤ ਦੀ ਦ੍ਰਿਸ਼ਟੀ ਤੋਂ ਸਹੀ’ ਦੱਸਿਆ। ਜੈਸ਼ੰਕਰ ਨੇ ਇਸ ਜਹਾਜ਼ ਦਾ ਨਾਂ ਨਹੀਂ ਲਿਆ ਹਾਲਾਂਕਿ ਇਸ ਦਾ ਨਾਂ ‘ਆਈ. ਆਰ. ਆਈ. ਐੱਸ. ਲਾਵਨ’ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਅਮਰੀਕਾ ਨੇ ‘ਡੇਨਾ’ ਨਾਂ ਦੇ ਇਕ ਹੋਰ ਈਰਾਨੀ ਜਹਾਜ਼ ਨੂੰ ਹਿੰਦ ਮਹਾਸਾਗਰ ’ਚ ਹਮਲਾ ਕਰ ਕੇ ਡੋਬ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
