ਸ਼ਰਮਨਾਕ! ਪਾਕਿਸਤਾਨ 'ਚ ਰਿਸ਼ਵਤ ਲੈ ਕੇ ਵੇਚਿਆ ਗੁਰਦੁਆਰਾ ਸਾਹਿਬ, ਹੁਣ ਬਣੇਗਾ 'ਲੇਡੀਜ਼ ਬੁਟੀਕ'

Monday, Mar 02, 2026 - 03:46 PM (IST)

ਸ਼ਰਮਨਾਕ! ਪਾਕਿਸਤਾਨ 'ਚ ਰਿਸ਼ਵਤ ਲੈ ਕੇ ਵੇਚਿਆ ਗੁਰਦੁਆਰਾ ਸਾਹਿਬ, ਹੁਣ ਬਣੇਗਾ 'ਲੇਡੀਜ਼ ਬੁਟੀਕ'

ਇਸਲਾਮਾਬਾਦ: ਗੁਆਂਢੀ ਮੁਲਕ ਪਾਕਿਸਤਾਨ ਤੋਂ ਸਿੱਖ ਭਾਈਚਾਰੇ ਨੂੰ ਵਲੂੰਧਰਨ ਵਾਲੀ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਵਿੱਚ ਸਥਿਤ ਇੱਕ ਪਵਿੱਤਰ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰਿਸ਼ਵਤ ਲੈ ਕੇ ਵੇਚ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਵਿੱਚ ਸਥਿਤ 19ਵੀਂ ਸਦੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਇੱਕ ਸਰਕਾਰੀ ਅਧਿਕਾਰੀ ਨੇ ਕਥਿਤ ਤੌਰ 'ਤੇ 1 ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਇੱਕ ਸਥਾਨਕ ਨਿਵਾਸੀ ਨੂੰ ਵੇਚ ਦਿੱਤਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਅਧਿਕਾਰੀ ਨੇ ਇਸ ਪਵਿੱਤਰ ਅਸਥਾਨ ਨੂੰ ਢਾਹ ਕੇ ਉੱਥੇ ਲੇਡੀਜ਼ ਬੁਟੀਕ ਬਣਾਉਣ ਦੀ ਇਜਾਜ਼ਤ ਵੀ ਦੇ ਦਿੱਤੀ। 

ਧਾਰਮਿਕ ਅਸਥਾਨ ਦੀ ਬੇਅਦਬੀ ਅਤੇ ਵਪਾਰੀਕਰਨ 

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਵਿੱਤਰ ਸਥਾਨ ਦੀ ਮਰਯਾਦਾ ਨੂੰ ਛਿੱਕੇ ਟੰਗਦਿਆਂ ਇਸ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤਖੋਰੀ ਦੇ ਚਲਦਿਆਂ ਵੇਚੀ ਗਈ ਇਸ ਇਮਾਰਤ ਦੀ ਜਗ੍ਹਾ 'ਤੇ ਹੁਣ ਇੱਕ ਲੇਡੀਜ਼ ਬੁਟੀਕ ਬਣਾਇਆ ਜਾਵੇਗਾ। ਇਸ ਘਟਨਾ ਨੇ ਦੁਨੀਆ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ। 'ਖਾਲਸਾ ਵੌਕਸ' ਦੀ ਰਿਪੋਰਟ ਅਨੁਸਾਰ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB)—ਜਿਸ ਦੀ ਜ਼ਿੰਮੇਵਾਰੀ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਰਾਖੀ ਕਰਨਾ ਹੈ, ਦੇ ਇੱਕ ਅਧਿਕਾਰੀ ਨੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਵਾਹਿਦ ਬਾਲਾ ਨਾਮ ਦੇ ਵਿਅਕਤੀ ਨੂੰ ਸੌਂਪ ਦਿੱਤਾ। ਖਰੀਦਦਾਰ ਨੇ ਇਸ ਜ਼ਮੀਨ ਨੂੰ ਆਪਣੀਆਂ ਦੋ ਪਤਨੀਆਂ,ਦੇ ਨਾਮ ਰਜਿਸਟਰ ਕਰਵਾਇਆ ਹੈ, ਜਿੱਥੇ ਉਹ ਹੁਣ ਆਪਣਾ ਬੁਟੀਕ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। 

ਘੱਟ ਗਿਣਤੀਆਂ ਦੇ ਅਸਥਾਨਾਂ ਦੀ ਸੁਰੱਖਿਆ 'ਤੇ ਸਵਾਲ 

ਇਸ ਘਟਨਾ ਨੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਉੱਥੋਂ ਦੇ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਭਾਰੀ ਰਿਸ਼ਵਤ ਲੈ ਕੇ ਧਾਰਮਿਕ ਅਸਥਾਨ ਨੂੰ ਵੇਚਣਾ ਨਾ ਸਿਰਫ਼ ਇੱਕ ਅਪਰਾਧ ਹੈ, ਸਗੋਂ ਇਹ ਸਿੱਧੇ ਤੌਰ 'ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੁਣ ਵੱਜੇਗਾ ਤੀਜੀ World War ਦਾ ਸਾਇਰਨ ! ਈਰਾਨ ਖ਼ਿਲਾਫ਼ ਜੰਗ 'ਚ ਇਨ੍ਹਾਂ 'ਸੁਪਰਪਾਵਰ' ਦੇਸ਼ਾਂ ਨੇ ਵੀ ਮਾਰੀ ਐਂਟਰੀ


ਗੁਰਦੁਆਰਾ ਸਾਹਿਬ ਦਾ ਸ਼ਾਨਦਾਰ ਇਤਿਹਾਸ

ਸਿੱਖ ਰਾਜ ਦੀ ਨਿਸ਼ਾਨੀ: ਇਹ ਗੁਰਦੁਆਰਾ 1818 ਤੋਂ 1849 ਦੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਣਾਇਆ ਗਿਆ ਸੀ। 

ਗੁਰਮੁਖੀ ਦੇ ਚਿੰਨ੍ਹ: ਅੱਜ ਵੀ ਗੁਰਦੁਆਰੇ ਦੇ ਮੁੱਖ ਗੇਟ 'ਤੇ ਗੁਰਮੁਖੀ ਵਿੱਚ "ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ" ਅਤੇ ਦੀਵਾਨ ਹਾਲ ਦੇ ਬਾਹਰ "ਸੱਚਖੰਡੀ ਵਸਾਈ ਨਿਰੰਕਾਰ" ਲਿਖਿਆ ਹੋਇਆ ਸਾਫ਼ ਨਜ਼ਰ ਆਉਂਦਾ ਹੈ। 

ਗੁਰਦੁਆਰਾ ਗਲੀ: ਐਬਟਾਬਾਦ ਦੇ ਜਿਸ ਬਾਜ਼ਾਰ ਵਿੱਚ ਇਹ ਸਥਿਤ ਹੈ, ਉਸ ਨੂੰ ਅੱਜ ਵੀ ਲੋਕ 'ਗੁਰਦੁਆਰਾ ਬਾਜ਼ਾਰ' ਅਤੇ ਉਸ ਗਲੀ ਨੂੰ 'ਗੁਰਦੁਆਰਾ ਵਾਲੀ ਗਲੀ' ਦੇ ਨਾਮ ਨਾਲ ਜਾਣਦੇ ਹਨ।

ਸਿੱਖ ਭਾਈਚਾਰੇ ਵਿੱਚ ਭਾਰੀ ਰੋਸ 

ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸੌਦੇ ਨੂੰ ਤੁਰੰਤ ਰੱਦ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਪਾਕਿਸਤਾਨੀ ਸਿੱਖਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ੀ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ETPB ਕਈ ਸਾਲਾਂ ਤੋਂ ਗੁਰਦੁਆਰਾ ਕੰਪਲੈਕਸ ਦੀਆਂ ਦੁਕਾਨਾਂ ਤੋਂ ਕਿਰਾਇਆ ਵਸੂਲ ਰਿਹਾ ਹੈ, ਪਰ ਇਮਾਰਤ ਦੀ ਮੁਰੰਮਤ ਕਰਨ ਦੀ ਬਜਾਏ ਹੁਣ ਇਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਸਿੱਖਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਵਿਰਾਸਤ ਨੂੰ ਢਾਹੁਣ ਤੋਂ ਬਚਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News