ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਟਕਰਾਅ: ਦਿਨਾਜਪੁਰ ''ਚ BNP ਤੇ ਜਮਾਤ-ਏ-ਇਸਲਾਮੀ ਦੇ ਵਰਕਰਾਂ ਵਿਚਾਲੇ ਖੜਕੀ

Sunday, Feb 01, 2026 - 02:14 PM (IST)

ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਟਕਰਾਅ: ਦਿਨਾਜਪੁਰ ''ਚ BNP ਤੇ ਜਮਾਤ-ਏ-ਇਸਲਾਮੀ ਦੇ ਵਰਕਰਾਂ ਵਿਚਾਲੇ ਖੜਕੀ

ਢਾਕਾ (ਏਜੰਸੀ)- ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਦਿਨਾਜਪੁਰ ਦੇ ਨਵਾਬਗੰਜ ਉਪਜ਼ਿਲੇ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਚੋਣ ਦਫ਼ਤਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੇ ਜਾਣ ਦੀ ਖ਼ਬਰ ਹੈ।

ਮਾਈਕ੍ਰੋਫੋਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ

ਪੁਲਸ ਮੁਤਾਬਕ ਇਹ ਹਿੰਸਾ ਪੁਤੀਮਾਰੀ ਯੂਨੀਅਨ ਦੇ ਡੋਲਰਦਰਗਾ ਇਲਾਕੇ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ BNP ਉਮੀਦਵਾਰ ਡਾ. ਏ.ਜ਼ੈੱਡ.ਐੱਮ. ਜ਼ਾਹਿਦ ਹੁਸੈਨ ਦੇ ਸਮਰਥਕਾਂ ਵੱਲੋਂ ਕੱਢੇ ਗਏ ਜਲੂਸ ਤੋਂ ਬਾਅਦ ਜਮਾਤ-ਏ-ਇਸਲਾਮੀ ਦੇ ਉਮੀਦਵਾਰ ਅਨਵਰੁਲ ਇਸਲਾਮ ਦੇ ਸਮਰਥਕਾਂ ਨਾਲ ਬਹਿਸ ਹੋ ਗਈ। ਵਿਵਾਦ ਮਾਈਕ੍ਰੋਫੋਨ ਦੀ ਵਰਤੋਂ ਅਤੇ ਉਸ ਦੀ ਆਵਾਜ਼ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ ਜਲਦ ਹੀ ਹਿੰਸਕ ਰੂਪ ਧਾਰਨ ਕਰ ਗਿਆ।

ਦਫ਼ਤਰ 'ਚ ਕੀਤੀ ਭੰਨਤੋੜ, ਵਰਕਰਾਂ ਦੀ ਕੁਟਮਾਰ

ਚਸ਼ਮਦੀਦਾਂ ਮੁਤਾਬਕ ਜਮਾਤ-ਏ-ਇਸਲਾਮੀ ਦੇ ਕਾਰਕੁਨਾਂ ਨੇ BNP ਦਫ਼ਤਰ 'ਤੇ ਹਮਲਾ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਕੁਰਸੀਆਂ-ਮੇਜ਼ ਤੋੜ ਦਿੱਤੇ ਅਤੇ ਚੋਣ ਬੈਨਰ ਪਾੜ ਦਿੱਤੇ। ਇਸ ਹਮਲੇ ਵਿੱਚ ਦੋ BNP ਵਰਕਰਾਂ ਨਾਲ ਕੁੱਟਮਾਰ ਕੀਤੇ ਜਾਣ ਦੀ ਵੀ ਖ਼ਬਰ ਹੈ।

ਇਲਾਕੇ ਵਿੱਚ ਫੌਜ ਅਤੇ BGB ਤਾਇਨਾਤ

ਘਟਨਾ ਤੋਂ ਬਾਅਦ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪ੍ਰਸ਼ਾਸਨ ਨੇ ਇਲਾਕੇ ਵਿੱਚ ਫੌਜ, ਬਾਰਡਰ ਗਾਰਡ ਬੰਗਲਾਦੇਸ਼ (BGB), ਪੁਲਸ ਅਤੇ ਅੰਸਾਰ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ। ਅਸਿਸਟੈਂਟ ਰਿਟਰਨਿੰਗ ਅਫ਼ਸਰ ਜ਼ਿਲੂਰ ਰਹਿਮਾਨ ਨੇ ਕਿਹਾ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

BNP ਅਤੇ ਜਮਾਤ ਵਿਚਾਲੇ ਵਧੀ ਤਲਖ਼ੀ

ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ BNP ਦੇ ਸਕੱਤਰ ਜਨਰਲ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਨੇ ਜਮਾਤ-ਏ-ਇਸਲਾਮੀ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਪਾਰਟੀਆਂ ਨੂੰ ਵੋਟ ਨਾ ਪਾਉਣ ਜਿਨ੍ਹਾਂ ਨੇ 1971 ਦੀ ਜੰਗ ਦੌਰਾਨ ਪਾਕਿਸਤਾਨੀ ਫੌਜ ਦਾ ਸਾਥ ਦਿੱਤਾ ਸੀ।


author

cherry

Content Editor

Related News