ਅਮਰੀਕਾ ’ਚ ਇਮੀਗ੍ਰੇਸ਼ਨ ਸਬੰਧੀ ਕਾਰਵਾਈ ਦੌਰਾਨ ICE ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਝੜਪ
Monday, Jan 19, 2026 - 03:25 AM (IST)
ਮਿਨੀਆਪੋਲਿਸ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਸਬੰਧੀ ਸਖ਼ਤੀ ਕਾਰਨ ਸਮਰਥਕਾਂ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਸ਼ਨੀਵਾਰ ਨੂੰ ਮਿਨੀਆਪੋਲਿਸ ’ਚ ਝੜਪਾਂ ਹੋਈਆਂ।
ਇਸ ਦੌਰਾਨ, ਗਵਰਨਰ ਦਫ਼ਤਰ ਨੇ ਐਲਾਨ ਕੀਤਾ ਕਿ ‘ਨੈਸ਼ਨਲ ਗਾਰਡ’ ਦੇ ਜਵਾਨਾਂ ਨੂੰ ਤਾਇਨਾਤੀ ਲਈ ਬੁਲਾਇਆ ਗਿਆ ਹੈ ਅਤੇ ਉਹ ਸੂਬੇ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਅਜੇ ਸ਼ਹਿਰ ਦੀਆਂ ਸੜਕਾਂ ’ਤੇ ਤਾਇਨਾਤ ਨਹੀਂ ਕੀਤਾ ਗਿਆ ਹੈ। ਅਮਰੀਕੀ ਗ੍ਰਹਿ ਮੰਤਰਾਲੇ ਵੱਲੋਂ ਮਿਨੀਆਪੋਲਿਸ ਅਤੇ ਸੇਂਟ ਪਾਲ ਵਿਚ 2,000 ਤੋਂ ਵੱਧ ਸੰਘੀ ਅਧਿਕਾਰੀਆਂ ਨੂੰ ਲਿਆ ਕੇ ਇਮੀਗ੍ਰੇਸ਼ਨ ਕਾਰਵਾਈ ਸਖ਼ਤ ਕਰਨ ਤੋਂ ਬਾਅਦ ਰੋਜ਼ਾਨਾ ਪ੍ਰਦਰਸ਼ਨ ਹੋ ਰਹੇ ਹਨ।
ਮਿਨੀਆਪੋਲਿਸ ਵਿਚ ਪ੍ਰਦਰਸ਼ਨ-ਕਾਰੀਆਂ ਦੇ ਇਕ ਵੱਡੇ ਸਮੂਹ ਅਤੇ ਸੋਮਾਲੀ ਵਿਰੋਧੀ ਅਤੇ ‘ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ’ (ਆਈ.ਸੀ.ਈ.) ਸਮਰਥਕਾਂ ਦੀ ਰੈਲੀ ਵਿਚ ਸ਼ਾਮਲ ਲੋਕਾਂ ਵਿਚਾਲੇ ਸ਼ਨੀਵਾਰ ਨੂੰ ਹਿੰਸਕ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਘਰਾਂ ਅਤੇ ਕਾਰਾਂ ’ਚੋਂ ਬਾਹਰ ਖਿੱਚਣ ਅਤੇ ਉਨ੍ਹਾਂ ਦੇ ਹੋਰ ਹਮਲਾਵਰ ਤਰੀਕਿਆਂ ਦਾ ਵਿਰੋਧ ਕਰ ਰਹੇ ਹਨ।
ਅਧਿਕਾਰੀਆਂ ਦੀ ਇਸ ਮੁਹਿੰਮ ਵਿਚ ਹੁਣ ਤੱਕ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਮਿਨੀਸੋਟਾ ਦੀ ਇਕ ਜੱਜ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਸੀ ਕਿ ਮਿਨੀਆਪੋਲਿਸ ਖੇਤਰ ਵਿਚ ਹਾਲ ਹੀ ਵਿਚ ਹੋਏ ਅਮਰੀਕਾ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਅਭਿਆਨ ਵਿਚ ਸ਼ਾਮਲ ਸੰਘੀ ਅਧਿਕਾਰੀ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਿਰਾਸਤ ਵਿਚ ਨਹੀਂ ਲੈ ਸਕਦੇ ਅਤੇ ਨਾ ਹੀ ਉਨ੍ਹਾਂ ’ਤੇ ਅੱਥਰੂ ਗੈਸ ਛੱਡ ਸਕਦੇ ਹਨ।
