ਸ਼ਾਂਤੀ ਵਾਰਤਾ ਵਿਚਾਲੇ ਰੂਸ ਦਾ ਭਿਆਨਕ ਹਮਲਾ: ਕੀਵ ਤੇ ਖਾਰਕੀਵ ''ਚ ਮਚੀ ਤਬਾਹੀ, 1 ਦੀ ਮੌਤ ਤੇ 23 ਜ਼ਖ਼ਮੀ

Saturday, Jan 24, 2026 - 05:32 PM (IST)

ਸ਼ਾਂਤੀ ਵਾਰਤਾ ਵਿਚਾਲੇ ਰੂਸ ਦਾ ਭਿਆਨਕ ਹਮਲਾ: ਕੀਵ ਤੇ ਖਾਰਕੀਵ ''ਚ ਮਚੀ ਤਬਾਹੀ, 1 ਦੀ ਮੌਤ ਤੇ 23 ਜ਼ਖ਼ਮੀ

ਕੀਵ (ਏਜੰਸੀ) : ਇੱਕ ਪਾਸੇ ਜਿੱਥੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਖ਼ਤਮ ਕਰਨ ਲਈ ਅਹਿਮ ਸ਼ਾਂਤੀ ਵਾਰਤਾ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰੂਸ ਨੇ ਯੂਕ੍ਰੇਨ ਦੇ ਸ਼ਹਿਰਾਂ 'ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਆਬੂਧਾਬੀ ਵਿੱਚ ਦੂਜੇ ਦਿਨ ਦੀ ਬੈਠਕ ਤੋਂ ਠੀਕ ਪਹਿਲਾਂ ਰੂਸ ਨੇ ਕੀਵ ਅਤੇ ਖਾਰਕੀਵ 'ਤੇ ਡਰੋਨਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 23 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਰਾਜਧਾਨੀ ਕੀਵ ਅਤੇ ਖਾਰਕੀਵ ਬਣੇ ਨਿਸ਼ਾਨਾ

ਕੀਵ ਸੈਨਿਕ ਪ੍ਰਸ਼ਾਸਨ ਦੇ ਮੁਖੀ ਤਿਮੂਰ ਤਕਾਚੇਂਕੋ ਨੇ ਦੱਸਿਆ ਕਿ ਰਾਜਧਾਨੀ 'ਤੇ ਹੋਏ ਡਰੋਨ ਹਮਲਿਆਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿੱਥੇ ਇੱਕ ਨਾਗਰਿਕ ਦੀ ਜਾਨ ਚਲੀ ਗਈ। ਦੂਜੇ ਪਾਸੇ, ਖਾਰਕੀਵ ਦੇ ਮੇਅਰ ਇਗੋਰ ਤੇਰੇਖੋਵ ਅਨੁਸਾਰ ਰੂਸੀ ਡਰੋਨਾਂ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 19 ਲੋਕ ਜ਼ਖ਼ਮੀ ਹੋਏ ਹਨ।

ਆਬੂਧਾਬੀ 'ਚ ਜਾਰੀ ਹੈ 'ਮਹਾ-ਮੰਥਨ'

ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਅਗਵਾਈ ਵਿੱਚ ਯੂਕ੍ਰੇਨ ਅਤੇ ਰੂਸ ਦੇ ਪ੍ਰਤੀਨਿਧੀ ਆਬੂ ਧਾਬੀ ਵਿੱਚ ਮੇਜ਼ 'ਤੇ ਬੈਠੇ ਹਨ। ਵ੍ਹਾਈਟ ਹਾਊਸ ਨੇ ਪਹਿਲੇ ਦਿਨ ਦੀ ਗੱਲਬਾਤ ਨੂੰ "ਸਾਰਥਕ" ਦੱਸਿਆ ਹੈ। ਯੂ.ਏ.ਈ. ਦੇ ਵਿਦੇਸ਼ ਮੰਤਰਾਲੇ ਨੇ ਉਮੀਦ ਜਤਾਈ ਹੈ ਕਿ ਇਸ ਸੰਵਾਦ ਰਾਹੀਂ ਕਰੀਬ 4 ਸਾਲਾਂ ਤੋਂ ਜਾਰੀ ਇਸ ਖ਼ੂਨੀ ਜੰਗ ਦਾ ਕੋਈ ਸਿਆਸੀ ਹੱਲ ਨਿਕਲ ਸਕਦਾ ਹੈ।

ਜ਼ੇਲੇਂਸਕੀ ਦਾ ਵੱਡਾ ਬਿਆਨ- "ਸਮਝੌਤਾ ਲਗਭਗ ਤਿਆਰ"

ਹਾਲ ਹੀ ਵਿੱਚ ਦਾਵੋਸ ਵਿਖੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਸ਼ਾਂਤੀ ਸਮਝੌਤਾ ਲਗਭਗ ਤਿਆਰ ਹੈ, ਪਰ ਖੇਤਰੀ ਮੁੱਦਿਆਂ ਅਤੇ ਜ਼ਮੀਨੀ ਹੱਕਾਂ ਨੂੰ ਲੈ ਕੇ ਕੁਝ ਸੰਵੇਦਨਸ਼ੀਲ ਪਹਿਲੂ ਅਜੇ ਵੀ ਅੜਿੱਕਾ ਬਣੇ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਗੱਲਬਾਤ ਦੇ ਦੌਰਾਨ ਹਮਲੇ ਤੇਜ਼ ਕਰਕੇ ਯੂਕ੍ਰੇਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


author

cherry

Content Editor

Related News