ਭਾਰਤ ਤੇ EU ਵਿਚਾਲੇ ਇਤਿਹਾਸਕ ਵਪਾਰਕ ਸਮਝੌਤਾ, ਅੰਤਰਰਾਸ਼ਟਰੀ ਮੀਡੀਆ ''ਚ ਛਾਇਆ ''ਮੋਦੀ ਮੈਜਿਕ''
Wednesday, Jan 28, 2026 - 08:27 PM (IST)
ਨਵੀਂ ਦਿੱਲੀ/ਬ੍ਰਸੇਲਜ਼- ਭਾਰਤ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਦੇ ਸਿਰੇ ਚੜ੍ਹਨ ਨਾਲ ਵਿਸ਼ਵ ਪੱਧਰ 'ਤੇ ਇੱਕ ਨਵੀਂ ਚਰਚਾ ਛਿੜ ਗਈ ਹੈ। ਇਸ ਸਮਝੌਤੇ ਨੂੰ ਅੰਤਰਰਾਸ਼ਟਰੀ ਮੀਡੀਆ, ਵਿਦੇਸ਼ੀ ਸਿਆਸੀ ਨੇਤਾਵਾਂ ਅਤੇ ਵਪਾਰਕ ਮਾਹਰਾਂ ਵੱਲੋਂ ਇਤਿਹਾਸਕ, ਰਣਨੀਤਕ ਅਤੇ ਸਮੇਂ ਦੇ ਅਨੁਕੂਲ ਦੱਸਿਆ ਜਾ ਰਿਹਾ ਹੈ।
ਅੰਤਰਰਾਸ਼ਟਰੀ ਮੀਡੀਆ 'ਚ ਛਾਇਆ 'ਮੋਦੀ ਮੈਜਿਕ'
ਵਿਸ਼ਵ ਦੇ ਪ੍ਰਮੁੱਖ ਅਖ਼ਬਾਰਾਂ ਨੇ ਇਸ ਸੌਦੇ ਦੀ ਸ਼ਲਾਘਾ ਕੀਤੀ ਹੈ। 'ਦਿ ਟੈਲੀਗ੍ਰਾਫ' ਨੇ ਆਪਣੇ ਲੇਖ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇਸ Mother of all trade deals ਦਾ ਅਸਲੀ ਜੇਤੂ ਕਰਾਰ ਦਿੱਤਾ ਹੈ। 'ਦਿ ਵਾਸ਼ਿੰਗਟਨ ਪੋਸਟ', 'ਦਿ ਗਾਰਡੀਅਨ' ਅਤੇ ਬੀਬੀਸੀ ਵਰਗੇ ਅਦਾਰਿਆਂ ਨੇ ਵੀ ਇਸ ਨੂੰ ਇਤਿਹਾਸਕ ਕਰਾਰ ਦਿੰਦਿਆਂ ਇਸੇ ਸਿਰਲੇਖ ਦੀ ਵਰਤੋਂ ਕੀਤੀ ਹੈ। ਜਦਕਿ 'ਦਿ ਵਾਲ ਸਟਰੀਟ ਜਰਨਲ' ਅਨੁਸਾਰ ਇਹ ਸਮਝੌਤਾ ਅਮਰੀਕੀ ਵਪਾਰਕ ਨੀਤੀਆਂ ਦੀ ਅਨਿਸ਼ਚਿਤਤਾ ਦੇ ਦੌਰ ਵਿੱਚ ਦੋਵਾਂ ਸ਼ਕਤੀਆਂ ਵੱਲੋਂ ਗਠਜੋੜ ਦੇ ਵਿਸਤਾਰ ਦਾ ਸੰਕੇਤ ਹੈ।
ਵਪਾਰਕ ਅੰਕੜਿਆਂ ਵਿੱਚ ਵੱਡੀ ਰਾਹਤ
ਇਸ ਸਮਝੌਤੇ ਤਹਿਤ ਟੈਰਿਫਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਯੂਰਪੀਅਨ ਯੂਨੀਅਨ ਅਗਲੇ 7 ਸਾਲਾਂ ਵਿੱਚ 99.5 ਫੀਸਦੀ ਭਾਰਤੀ ਵਸਤੂਆਂ 'ਤੇ ਟੈਰਿਫ ਘਟਾਏਗੀ, ਜਦੋਂ ਕਿ ਭਾਰਤ ਵੀ 96.6 ਫੀਸਦੀ ਯੂਰਪੀਅਨ ਨਿਰਯਾਤ 'ਤੇ ਟੈਰਿਫ ਖ਼ਤਮ ਜਾਂ ਘੱਟ ਕਰੇਗਾ। ਖਾਸ ਤੌਰ 'ਤੇ, ਕਾਰਾਂ 'ਤੇ ਲੱਗਣ ਵਾਲੀ ਡਿਊਟੀ, ਜੋ ਪਹਿਲਾਂ 100 ਫੀਸਦੀ ਤੋਂ ਉੱਪਰ ਸੀ, ਹੁਣ ਘਟ ਕੇ ਸਿਰਫ਼ 10 ਫੀਸਦੀ ਰਹਿ ਜਾਵੇਗੀ। ਇਹ ਸਮਝੌਤਾ 27 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਅਤੇ ਲਗਭਗ 2 ਅਰਬ ਲੋਕਾਂ ਦੀ ਆਬਾਦੀ ਨੂੰ ਕਵਰ ਕਰਦਾ ਹੈ।
ਵਿਦੇਸ਼ੀ ਨੇਤਾਵਾਂ ਅਤੇ ਕਾਰੋਬਾਰੀਆਂ ਨੇ ਕੀਤਾ ਸਵਾਗਤ
ਜਰਮਨੀ ਦੇ ਚਾਂਸਲਰ ਫ੍ਰੀਡਰਿਕ ਮਰਜ਼ ਨੇ ਇਸ ਨੂੰ ਵਿਕਾਸ ਲਈ ਇੱਕ 'ਬਹੁਤ ਹੀ ਸਕਾਰਾਤਮਕ ਸੰਕੇਤ' ਦੱਸਿਆ ਹੈ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਸਹਿਯੋਗ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ ਹੈ। ਆਸਟਰੀਆ ਦੇ ਚਾਂਸਲਰ ਅਨੁਸਾਰ ਇਹ ਮੁਕਤ ਵਪਾਰ ਖੇਤਰ 2 ਅਰਬ ਲੋਕਾਂ ਨੂੰ ਲਾਭ ਪਹੁੰਚਾਏਗਾ।
ਕਾਰੋਬਾਰੀ ਜਗਤ ਵਿੱਚੋਂ ਏਅਰਬੱਸ (Airbus) ਦੇ ਪ੍ਰਧਾਨ ਜੁਰਗਨ ਵੈਸਟਰਮੀਅਰ ਨੇ ਇਸ ਨੂੰ 20 ਸਾਲਾਂ ਦੀ ਉਡੀਕ ਤੋਂ ਬਾਅਦ ਇੱਕ 'ਵੱਡਾ ਪਲ' ਦੱਸਿਆ ਹੈ। ਉੱਥੇ ਹੀ, ਇੰਡੋ-ਜਰਮਨ ਚੈਂਬਰ ਆਫ ਕਾਮਰਸ ਦੇ ਡਾਇਰੈਕਟਰ ਜਨਰਲ ਜਾਨ ਨੋਏਥਰ ਨੇ ਕਿਹਾ ਕਿ ਇਹ ਸਮਝੌਤਾ ਵਿਸ਼ਵ ਜੀਡੀਪੀ ਦੇ ਲਗਭਗ ਇੱਕ ਚੌਥਾਈ ਹਿੱਸੇ ਨੂੰ ਇਕੱਠਾ ਕਰਦਾ ਹੈ।
ਨੀਤੀਗਤ ਮਾਹਰ ਰਿਚਰਡ ਰੋਸੋ (CSIS) ਅਨੁਸਾਰ, ਇਹ ਸੌਦਾ ਭਾਰਤ ਦੀ ਡੂੰਘੀ ਅਤੇ ਅਭਿਲਾਸ਼ੀ ਵਪਾਰਕ ਵਚਨਬੱਧਤਾਵਾਂ ਵੱਲ ਇੱਕ ਸਪੱਸ਼ਟ ਤਬਦੀਲੀ ਨੂੰ ਦਰਸਾਉਂਦਾ ਹੈ। ਮਾਈਕਲ ਕੁਗਲਮੈਨ ਨੇ ਇਸ ਨੂੰ 'ਸਹੀ ਸਮੇਂ 'ਤੇ ਸਹੀ ਸੌਦਾ' ਦੱਸਦਿਆਂ ਕਿਹਾ ਕਿ ਇਹ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
