ਬੰਗਲਾਦੇਸ਼ ਚੋਣ ਹਿੰਸਾ: ਬੀਐੱਨਪੀ ਨਾਲ ਝੜਪ ''ਚ ਜਮਾਤ-ਏ-ਇਸਲਾਮੀ ਦੇ ਨੇਤਾ ਦੀ ਮੌਤ, 65 ਜ਼ਖਮੀ
Thursday, Jan 29, 2026 - 10:08 AM (IST)
ਢਾਕਾ : ਬੰਗਲਾਦੇਸ਼ ਵਿੱਚ ਚੋਣਾਂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ, ਪਰ ਰਾਜਨੀਤਿਕ ਹਿੰਸਾ ਰੁਕਣ ਦੇ ਕੋਈ ਸੰਕੇਤ ਨਹੀਂ ਹਨ। ਬੁੱਧਵਾਰ ਨੂੰ ਸ਼ੇਰਪੁਰ ਜ਼ਿਲ੍ਹੇ ਵਿੱਚ ਚੋਣ ਨਾਲ ਸਬੰਧਤ ਹਿੰਸਾ ਵਿੱਚ ਜਮਾਤ-ਏ-ਇਸਲਾਮੀ ਦੇ ਇੱਕ ਨੇਤਾ ਦੀ ਮੌਤ ਹੋ ਗਈ। ਝੜਪਾਂ ਵਿੱਚ ਘੱਟੋ-ਘੱਟ 65 ਲੋਕ ਜ਼ਖਮੀ ਵੀ ਹੋ ਗਏ। ਇਹ ਹਿੰਸਾ ਬੀਐੱਨਪੀ ਅਤੇ ਜਮਾਤ ਦੇ ਵਰਕਰਾਂ ਵਿਚਕਾਰ ਹੋਈ। ਮ੍ਰਿਤਕ ਦੀ ਪਛਾਣ ਮੌਲਾਨਾ ਮੁਹੰਮਦ ਰੇਜ਼ੌਲ ਕਰੀਮ (42) ਵਜੋਂ ਹੋਈ ਹੈ, ਜੋ ਜਮਾਤ ਦੀ ਸ੍ਰੀਬੋਰਡੀ ਉਪ-ਜ਼ਿਲ੍ਹਾ ਇਕਾਈ ਦੇ ਸਕੱਤਰ ਸਨ। ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮੈਮਨ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਰਾਤ ਲਗਭਗ 9:45 ਵਜੇ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਲੰਬੀਆ 'ਚ ਵੱਡਾ ਹਾਦਸਾ: ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਕ੍ਰੈਸ਼, ਸੰਸਦ ਮੈਂਬਰ ਸਣੇ 15 ਲੋਕਾਂ ਦੀ ਮੌਤ
50 ਜਮਾਤ ਵਰਕਰ ਵੀ ਹੋਏ ਜ਼ਖਮੀ
ਸ਼ੇਰਪੁਰ-3 ਹਲਕੇ ਤੋਂ ਜਮਾਤ ਦੇ ਉਮੀਦਵਾਰ ਨੂਰਉਜ਼ਮਾਨ ਬਾਦਲ ਅਨੁਸਾਰ, ਝੜਪ ਦੌਰਾਨ ਰਜ਼ਾਉਲ ਕਰੀਮ ਸਮੇਤ ਲਗਭਗ 50 ਜਮਾਤ ਵਰਕਰ ਅਤੇ ਸਮਰਥਕ ਜ਼ਖਮੀ ਹੋ ਗਏ। ਰਜ਼ਾਉਲ ਕਰੀਮ ਦੇ ਨਾਲ ਅਮੀਨੁਲ ਇਸਲਾਮ ਅਤੇ ਮੌਲਾਨਾ ਤਾਹਿਰੁਲ ਇਸਲਾਮ ਨੂੰ ਵੀ ਗੰਭੀਰ ਹਾਲਤ ਵਿੱਚ ਮੈਮਨ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਬਿਹਤਰ ਇਲਾਜ ਲਈ ਤਾਹਿਰੁਲ ਇਸਲਾਮ ਨੂੰ ਢਾਕਾ ਰੈਫਰ ਕਰ ਦਿੱਤਾ ਗਿਆ। ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਅਨੁਸਾਰ, ਝਨੇਘਾਟੀ ਉਪ-ਜ਼ਿਲ੍ਹਾ ਮਿੰਨੀ ਸਟੇਡੀਅਮ ਮੈਦਾਨ ਵਿੱਚ ਇੱਕ ਸਮਾਗਮ ਦੌਰਾਨ ਦੁਪਹਿਰ 3 ਵਜੇ ਦੇ ਕਰੀਬ ਹਿੰਸਾ ਭੜਕੀ। ਕਥਿਤ ਤੌਰ 'ਤੇ ਇਹ ਝਗੜਾ ਅਗਲੀ ਕਤਾਰ ਵਿੱਚ ਬੈਠਣ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ ਬਾਅਦ ਵਿੱਚ ਹਿੰਸਕ ਝੜਪ ਵਿੱਚ ਬਦਲ ਗਿਆ। ਇਸ ਘਟਨਾ ਤੋਂ ਬਾਅਦ ਬੀਐੱਨਪੀ ਨੇ ਸ਼ੇਰਪੁਰ ਜ਼ਿਲ੍ਹਾ ਇਕਾਈ ਦੀ 41 ਮੈਂਬਰੀਂ ਕਨਵੀਨਰ ਕਮੇਟੀ ਨੂੰ ਮੁਅੱਤਲ ਕਰ ਦਿੱਤਾ। ਇਹ ਝੜਪ ਸ਼ੇਰਪੁਰ-3 ਹਲਕੇ ਵਿੱਚ ਹੋਈ, ਇਸ ਕਾਰਨ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ।
