20 ਸਾਲਾਂ ਦਾ ਇੰਤਜ਼ਾਰ ਖ਼ਤਮ! ਭਾਰਤ- EU ਵਿਚਾਲੇ ਦੁਨੀਆ ਦੀ ਸਭ ਤੋਂ ਵੱਡੀ ਡੀਲ ''ਤੇ ਲੱਗੀ ਮੋਹਰ
Monday, Jan 26, 2026 - 11:30 PM (IST)
ਨਵੀਂ ਦਿੱਲੀ- ਭਾਰਤ ਅਤੇ ਯੂਰਪੀ ਸੰਘ (EU) ਨੇ ਆਪਣੇ ਆਰਥਿਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੋੜਦਿਆਂ ਮੁਕਤ ਵਪਾਰ ਸਮਝੌਤੇ (FTA) 'ਤੇ ਚੱਲ ਰਹੀ ਗੱਲਬਾਤ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਲਗਭਗ ਦੋ ਦਹਾਕਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਇਤਿਹਾਸਕ ਸਮਝੌਤੇ 'ਤੇ ਮੋਹਰ ਲੱਗ ਗਈ ਹੈ, ਜਿਸ ਦਾ ਰਸਮੀ ਐਲਾਨ ਮੰਗਲਵਾਰ ਨੂੰ ਹੋਣ ਵਾਲੇ ਸ਼ਿਖਰ ਸੰਮੇਲਨ ਦੌਰਾਨ ਕੀਤਾ ਜਾਵੇਗਾ।
ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਇਸ ਨੂੰ ਇੱਕ 'ਇਤਿਹਾਸਕ ਵਪਾਰ ਸਮਝੌਤਾ' ਕਰਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਹ ਸਮਝੌਤਾ ਦੋ ਅਰਬ ਲੋਕਾਂ ਦਾ ਇੱਕ ਵਿਸ਼ਾਲ ਬਾਜ਼ਾਰ ਤਿਆਰ ਕਰੇਗਾ, ਜੋ ਵਿਸ਼ਵ ਦੀ ਕੁੱਲ ਜੀਡੀਪੀ (GDP) ਦਾ ਲਗਭਗ ਇੱਕ ਚੌਥਾਈ (25%) ਹਿੱਸਾ ਹੈ। ਵਪਾਰ ਸਕੱਤਰ ਰਾਜੇਸ਼ ਅਗਰਵਾਲ ਨੇ ਭਰੋਸਾ ਜਤਾਇਆ ਹੈ ਕਿ ਇਹ ਸੌਦਾ ਭਾਰਤੀ ਨਜ਼ਰੀਏ ਤੋਂ ਸੰਤੁਲਿਤ ਅਤੇ ਭਵਿੱਖਮੁਖੀ ਹੈ, ਜੋ ਦੋਵਾਂ ਅਰਥਚਾਰਿਆਂ ਵਿੱਚ ਨਿਵੇਸ਼ ਨੂੰ ਨਵੀਂ ਗਤੀ ਦੇਵੇਗਾ।
ਮੰਗਲਵਾਰ ਨੂੰ ਹੋਣ ਵਾਲੀ ਇਸ ਉੱਚ-ਪੱਧਰੀ ਬੈਠਕ ਵਿੱਚ ਸਿਰਫ਼ ਵਪਾਰ ਹੀ ਨਹੀਂ, ਬਲਕਿ ਇੱਕ ਰਣਨੀਤਕ ਰੱਖਿਆ ਸਮਝੌਤੇ ਅਤੇ ਪ੍ਰਵਾਸੀਆਂ ਦੀ ਸੌਖੀ ਆਵਾਜਾਈ ਨੂੰ ਲੈ ਕੇ ਵੀ ਅੰਤਿਮ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਯੂਰਪੀ ਸੰਘ ਦੇ ਆਗੂ ਐਂਟੋਨੀਓ ਕੋਸਟਾ ਅਤੇ ਉਰਸੁਲਾ ਵਾਨ ਡੇਰ ਲੇਯੇਨ ਸੋਮਵਾਰ ਨੂੰ ਕਰਤੱਵ ਪੱਥ 'ਤੇ ਆਯੋਜਿਤ 77ਵੇਂ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਹੋਣ ਵਾਲੇ ਸ਼ਿਖਰ ਸੰਮੇਲਨ ਵਿੱਚ ਯੂਰਪੀ ਸੰਘ ਦੇ ਪ੍ਰਧਾਨਾਂ ਦੀ ਮੇਜ਼ਬਾਨੀ ਕਰਨਗੇ। ਸਰੋਤਾਂ ਅਨੁਸਾਰ, ਇਸ ਸਮੇਂ ਸਮਝੌਤੇ ਦੇ ਮਸੌਦੇ ਦੀ ਕਾਨੂੰਨੀ ਜਾਂਚ ਚੱਲ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸੇ ਸਾਲ ਹਸਤਾਖਰ ਹੋਣ ਤੋਂ ਬਾਅਦ ਇਹ ਅਗਲੇ ਸਾਲ ਦੀ ਸ਼ੁਰੂਆਤ ਤੋਂ ਪ੍ਰਭਾਵੀ ਹੋ ਜਾਵੇਗਾ।
ਇਹ ਸਮਝੌਤਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਸ਼ਵ ਰਾਜਨੀਤੀ ਵਿੱਚ ਅਸਥਿਰਤਾ ਦਾ ਮਾਹੌਲ ਹੈ ਅਤੇ ਅਮਰੀਕਾ ਦੀਆਂ ਨੀਤੀਆਂ ਕਾਰਨ ਪੈਦਾ ਹੋਈ ਭੂ-ਰਾਜਨੀਤਿਕ ਸਥਿਤੀ ਵਿੱਚ ਭਾਰਤ ਅਤੇ ਯੂਰਪੀ ਸੰਘ ਦੀ ਇਹ ਨੇੜਤਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ।
