ਟਰੰਪ ਨੇ ਭਾਰਤ-ਪਾਕਿ ਫੌਜੀ ਟਕਰਾਅ ਨੂੰ ਰੋਕਣ ਦਾ 80ਵੀਂ ਵਾਰ ਕੀਤਾ ਦਾਅਵਾ
Sunday, Jan 18, 2026 - 04:44 AM (IST)
ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਟਕਰਾਅ ਨੂੰ ਰੁਕਵਾ ਕੇ ਲੱਖਾਂ ਲੋਕਾਂ ਦੀ ਜਾਨ ਬਚਾਈ।
ਟਰੰਪ ਨੇ ਫਲੋਰੀਡਾ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਨੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਕਈ ਸ਼ਾਂਤੀ ਸਮਝੌਤੇ ਕਰਵਾਏ ਹਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਸੰਘਰਸ਼ ‘ਰੁਕਵਾ ਕੇ ਘੱਟੋ-ਘੱਟ ਇਕ ਕਰੋੜ ਲੋਕਾਂ ਦੀ ਜਾਨ ਬਚਾਉਣ’ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਹੈ।
ਉਨ੍ਹਾਂ ਕਿਹਾ, “ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਅਸੀਂ 8 ਸ਼ਾਂਤੀ ਸਮਝੌਤੇ ਕਰਵਾਏ ਅਤੇ ਗਾਜ਼ਾ ਵਿਚ ਜੰਗ ਖ਼ਤਮ ਕਰਵਾਈ। ਪੱਛਮੀ ਏਸ਼ੀਆ ਵਿਚ ਸ਼ਾਂਤੀ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਸੰਭਵ ਹੋਵੇਗਾ।”
ਟਰੰਪ ਪਿਛਲੇ ਸਾਲ 10 ਮਈ ਤੋਂ ਹੁਣ ਤਕ ਲੱਗਭਗ 80 ਵਾਰ ਇਹ ਦਾਅਵਾ ਕਰ ਚੁੱਕੇ ਹਨ। ਉਨ੍ਹਾਂ ਪਹਿਲੀ ਵਾਰ 10 ਮਾਰਚ ਨੂੰ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਸੀ ਕਿ ਕਥਿਤ ਤੌਰ ’ਤੇ ਅਮਰੀਕਾ ਦੀ ਵਿਚੋਲਗੀ ਵਿਚ ‘ਰਾਤ ਨੂੰ ਹੋਈ ਲੰਮੀ ਗੱਲਬਾਤ’ ਤੋਂ ਬਾਅਦ ਦੋਵੇਂ ਦੇਸ਼ ਟਕਰਾਅ ਨੂੰ ‘ਪੂਰੀ ਤਰ੍ਹਾਂ ਤੇ ਤੁਰੰਤ’ ਰੋਕਣ ’ਤੇ ਸਹਿਮਤ ਹੋਏ ਸਨ। ਦੂਜੇ ਪਾਸੇ ਭਾਰਤ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿਚ ਕਿਸੇ ਤੀਜੀ ਧਿਰ ਦੇ ਦਖ਼ਲ ਨੂੰ ਲਗਾਤਾਰ ਖਾਰਜ ਕਰਦਾ ਰਿਹਾ ਹੈ।
