ਨੇਪਾਲ ਚੋਣਾਂ : 4 ਸਾਬਕਾ ਪ੍ਰਧਾਨ ਮੰਤਰੀ ਮੈਦਾਨ ’ਚ, ‘ਜੇਨ-ਜ਼ੈੱਡ’ ਦੇ ਵਿਰੋਧ ਤੋਂ ਬਾਅਦ ਅਜ਼ਮਾਉਣਗੇ ਕਿਸਮਤ

Thursday, Jan 22, 2026 - 11:19 AM (IST)

ਨੇਪਾਲ ਚੋਣਾਂ : 4 ਸਾਬਕਾ ਪ੍ਰਧਾਨ ਮੰਤਰੀ ਮੈਦਾਨ ’ਚ, ‘ਜੇਨ-ਜ਼ੈੱਡ’ ਦੇ ਵਿਰੋਧ ਤੋਂ ਬਾਅਦ ਅਜ਼ਮਾਉਣਗੇ ਕਿਸਮਤ

ਕਾਠਮੰਡੂ (ਭਾਸ਼ਾ)- ਨੇਪਾਲ ਵਿਚ 5 ਮਾਰਚ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ 4 ਸਾਬਕਾ ਪ੍ਰਧਾਨ ਮੰਤਰੀ ਵੀ ਆਪਣੀ ਕਿਸਮਤ ਅਜ਼ਮਾਉਣਗੇ। ਕੇ. ਪੀ. ਸ਼ਰਮਾ ਓਲੀ, ਜੋ ‘ਜੇਨ-ਜ਼ੈੱਡ’ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਚੁੱਕੇ ਹਨ, ਨੇ ਝਾਪਾ-5 ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨੇਪਾਲ ਕਮਿਊਨਿਸਟ ਪਾਰਟੀ (ਮਾਓਵਾਦੀ ਕੇਂਦਰ) ਦੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਰੁਕੁਮ ਪੂਰਬ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ, ਮਾਧਵ ਕੁਮਾਰ ਨੇਪਾਲ ਰੌਤਹਟ-1 ਅਤੇ ਬਾਬੂਰਾਮ ਭੱਟਾਰਾਈ ਗੋਰਖਾ-2 ਚੋਣ ਹਲਕੇ ਤੋਂ ਮੈਦਾਨ ਵਿਚ ਹਨ। ਹਾਲਾਂਕਿ, 2 ਹੋਰ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਅਤੇ ਝਾਲਾ ਨਾਥ ਖਨਾਲ ਇਸ ਵਾਰ ਚੋਣ ਨਹੀਂ ਲੜ ਰਹੇ।

ਜੇਨ-ਜ਼ੈੱਡ (1997-2012 ’ਚ ਜਨਮੇ ਨੌਜਵਾਨ) ਨੇ ਪਿਛਲੇ ਸਾਲ ਸਤੰਬਰ ਵਿਚ ਵਿਰੋਧ ਪ੍ਰਦਰਸ਼ਨ ਕਰ ਕੇ ਦੇਸ਼ ਦੀ ਸਿਆਸਤ ਪ੍ਰਣਾਲੀ ਵਿਚ ਬਦਲਾਅ ਦੀ ਮੰਗ ਕੀਤੀ ਸੀ। ਮਾਹਰਾਂ ਅਨੁਸਾਰ ਜੇਨ-ਜ਼ੈੱਡ ਦੇ ਆਗੂ ਪੁਰਾਣੀ ਲੀਡਰਸ਼ਿਪ ਤੋਂ ਤੰਗ ਆ ਚੁੱਕੇ ਹਨ, ਜਦਕਿ ਚੋਣਾਂ ਵਿਚ ਹੁਣ ਵੀ 4 ਆਗੂ 70 ਸਾਲ ਤੋਂ ਵੱਧ ਉਮਰ ਦੇ ਹਨ। ਓਲੀ 74, ਪ੍ਰਚੰਡ ਅਤੇ ਭੱਟਾਰਾਈ 71 ਅਤੇ ਮਾਧਵ ਕੁਮਾਰ ਨੇਪਾਲ 72 ਸਾਲ ਦੇ ਹਨ। ਚੋਣਾਂ ਵਿਚ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਕਈ ਸਾਬਕਾ ਮੇਅਰ ਵੀ ਮੈਦਾਨ ਵਿਚ ਹਨ। ਕਾਠਮੰਡੂ ਦੇ ਸਾਬਕਾ ਮੇਅਰ ਬਲੇਂਦਰ ਸ਼ਾਹ ‘ਬਾਲੇਨ’ ਨੇ ਵੀ ਝਾਪਾ-5 ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ, ਜਿੱਥੇ ਓਲੀ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।


author

cherry

Content Editor

Related News