ਆਸਟ੍ਰੇਲੀਆ : ਖੇਡ-ਖੇਡ ''ਚ ਗਈ ਬੱਚੇ ਦੀ ਅੱਖ ਦੀ ਰੋਸ਼ਨੀ
Tuesday, Dec 18, 2018 - 12:00 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ 9 ਸਾਲਾ ਲੜਕਾ ਹਾਦਸੇ ਦਾ ਸ਼ਿਕਾਰ ਹੋ ਗਿਆ। ਲੜਕੇ ਦੀ ਅੱਖ ਵਿਚ ਇਕ ਨਰਫ ਬੰਦੂਕ ਨਾਲ ਫੋਮ ਦੀ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਅੱਖ ਨੂੰ ਹਟਾਉਣਾ ਪਿਆ। ਅਸਲ ਵਿਚ ਵੇਲਜ਼ ਦੇ ਸਵਾਨਸੀ ਵਿਚ ਰਹਿਣ ਵਾਲਾ ਟੇਲਰ-ਜੇ ਰਵਿਸਿਨੀ ਜਦੋਂ 3 ਸਾਲ ਦਾ ਸੀ ਉਦੋਂ ਉਸ ਦੀ ਖੱਬੀ ਅੱਖ ਵਿਚ ਇਕ ਖਿਡੌਣਾ ਤੀਰ ਲੱਗਾ ਸੀ। ਉਦੋਂ ਉਸ ਦੀ ਖੱਬੀ ਅੱਖ ਦੀ ਰੋਸ਼ਨੀ ਚਲੀ ਗਈ ਸੀ। 6 ਸਾਲ ਬਾਅਦ ਉਸ ਦੀ ਅੱਖ ਵਿਚ ਉਸੇ ਜਗ੍ਹਾ ਦੁਬਾਰਾ ਇਹ ਗੋਲੀ ਲੱਗੀ ਜਿਸ ਕਾਰਨ ਉਸ ਦੀ ਅੱਖ ਹਟਾਉਣੀ ਪਈ।
6 ਸਾਲ ਪਹਿਲਾਂ ਡਾਕਟਰਾਂ ਨੇ ਉਸ ਦੀ ਅੱਖ ਨੂੰ ਬਚਾ ਲਿਆ ਸੀ ਪਰ ਇਸ ਵਾਰ ਅਗਸਤ ਵਿਚ ਵਾਪਰੇ ਹਾਦਸੇ ਕਾਰਨ ਉਨ੍ਹਾਂ ਨੂੰ ਅੱਖ ਹਟਾਉਣ ਲਈ ਮਜਬੂਰ ਹੋਣਾ ਪਿਆ। ਡਾਕਟਰਾਂ ਮੁਤਾਬਕ ਜੇ ਉਸ ਦੀ ਇਸ ਸੱਟ ਲੱਗੀ ਅੱਖ ਨੂੰ ਨਾ ਹਟਾਇਆ ਗਿਆ ਤਾਂ ਉਸ ਦੀ ਦੂਜੀ ਅੱਖ ਦੀ ਰੋਸ਼ਨੀ ਜਾਣ ਦੀ ਪੂਰੀ ਸੰਭਾਵਨਾ ਸੀ। ਉੱਧਰ ਇਨਫੈਕਸ਼ਨ ਹੋ ਜਾਣ ਕਾਰਨ ਟੇਲਰ ਨੇ 6 ਹਫਤੇ ਹਸਪਤਾਲ ਵਿਚ ਗੁਜਾਰੇ। ਹੁਣ ਡਾਕਟਰਾਂ ਨੇ ਟੇਲਰ ਨੂੰ ਨਕਲੀ ਅੱਖ ਲਗਾਉਣ ਦਾ ਫੈਸਲਾ ਲਿਆ ਹੈ।
ਟੇਲਰ ਦੀ ਮਾਂ ਸਟੇਸੀ ਐਨੀ (35) ਨੇ ਉਸ ਦੇ ਇਲਾਜ ਲਈ ਪੈਸਾ ਇਕੱਠਾ ਕਰਨ ਲਈ ਇਕ ਫੰਡ ਦੀ ਸਥਾਪਨਾ ਕੀਤੀ ਹੈ। ਲੋਕ ਇਲਾਜ ਵਿਚ ਮਦਦ ਲਈ ਪੈਸੇ ਦੇ ਰਹੇ ਹਨ। ਐਨੀ ਨੇ ਦੱਸਿਆ,''ਜਦੋਂ ਇਹ ਹਾਦਸਾ ਵਾਪਰਿਆ ਉਦੋਂ ਟੇਲਰ ਘਰ ਵਿਚ ਹੀ ਆਪਣੇ ਦੋਸਤ ਨਾਲ ਖੇਡ ਰਿਹਾ ਸੀ। ਗੋਲੀ ਲੱਗਣ ਮਗਰੋਂ ਮੈਂ ਟੇਲਰ ਦੇ ਚੀਕਣ ਦੀ ਆਵਾਜ ਸੁਣੀ। ਉਸ ਦੀ ਚੀਕ ਸੁਣ ਕੇ ਮੇਰਾ ਦਿਲ ਬੈਠ ਗਿਆ। ਮੈਂ ਆਪਣੇ ਪਤੀ ਨੂੰ ਟੇਲਰ ਨੂੰ ਦੇਖਣ ਲਈ ਭੇਜਿਆ। ਟੇਲਰ ਦੀ ਅੱਖ ਵਿਚੋਂ ਖੂਨ ਵੱਗ ਰਿਹਾ ਸੀ।'' ਐਨੀ ਨੇ ਅੱਗੇ ਦੱਸਿਆ ਕਿ ਇਸ ਮਗਰੋਂ ਅਸੀਂ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਜਲਦੀ ਹੀ ਉਸ ਦੀ ਅੱਖ ਨੂੰ ਹਟਾਉਣਾ ਪਵੇਗਾ ਨਹੀਂ ਤਾਂ ਉਸ ਦੀ ਦੂਜੀ ਅੱਖ ਦੀ ਰੋਸ਼ਨੀ ਵੀ ਜਾ ਸਕਦੀ ਹੈ।