ਆਸਟ੍ਰੇਲੀਆ : ਟਰੱਕ ਨੇ 2 ਸਾਲਾ ਬੱਚੇ ਨੂੰ ਮਾਰੀ ਟੱਕਰ, ਹਾਲਤ ਗੰਭੀਰ
Friday, Oct 26, 2018 - 11:07 AM (IST)
ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼ ਦੇ ਕੇਂਦਰੀ ਕੋਸਟ ਖੇਤਰ ਦੇ ਇਕ ਉਪਨਗਰ ਓਰੀਮਬਾਹ ਵਿਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਕੇਂਦਰੀ ਕੋਸਟ ਵਿਚ ਘਰ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਘੁੰਮ ਰਹੇ 2 ਸਾਲਾ ਬੱਚੇ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਜਾਣਕਾਰੀ ਮੁਤਾਬਕ ਜਦੋਂ ਪੈਂਟੇਕ ਟਰੱਕ ਓਰੀਮਬਾਹ ਦੇ ਇਕ ਸਰਵਿਸ ਸਟੇਸ਼ਨ ਤੋਂ ਬਾਹਰ ਨਿਕਲ ਰਿਹਾ ਸੀ ਉਦੋਂ ਉਸ ਨੇ ਬੱਚੇ ਨੂੰ ਟੱਕਰ ਮਾਰੀ ਸੀ। ਬੱਚੇ ਨੂੰ ਤੁਰੰਤ ਏਅਰ ਐਂਬੂਲੈਂਸ ਜ਼ਰੀਏ ਜੋਨ ਹੰਟਰ ਹਸਪਤਾਲ ਲਿਜਾਇਆ ਗਿਆ ਜਿੱਥੇ ਸਾਵਧਾਨੀ ਦੇ ਤੌਰ 'ਤੇ ਉਸ ਨੂੰ ਕੋਮਾ ਵਿਚ ਰੱਖਿਆ ਗਿਆ।

ਘਟਨਾ ਦੇ ਬਾਅਦ ਟਰੱਕ ਡਰਾਈਵਰ ਉੱਥੇ ਨਹੀਂ ਰੁਕਿਆ। ਪੁਲਸ ਦਾ ਮੰਨਣਾ ਹੈ ਕਿ ਸ਼ਾਇਦ ਉਸ ਨੂੰ ਬੱਚੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਸੀ। ਅਧਿਕਾਰੀਆਂ ਨੇ ਡਰਾਈਵਰ ਦੀ ਪਛਾਣ ਲਈ ਡੈਸ਼ਕੈਮ ਫੁਟੇਜ ਲਈ ਅਪੀਲ ਕੀਤੀ ਹੈ। ਨਿਊ ਸਾਊਥ ਵੇਲਜ਼ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਟਰੱਕ ਦਾ ਵੇਰਵਾ ਹੈ ਅਤੇ ਸਥਾਨਕ ਕੰਪਨੀਆਂ ਦੀ ਮਦਦ ਨਾਲ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
