ਗੁੱਸੇ ਕਾਰਨ ਵਧਦੈ ਸਰੀਰ ਦਾ ਪੁਰਾਣਾ ਦਰਦ ! ਮਾਹਿਰਾਂ ਨੇ ਨਵੇਂ ਅਧਿਐਨ ''ਚ ਕੀਤਾ ਦਾਅਵਾ
Monday, Dec 15, 2025 - 12:30 PM (IST)
ਇੰਟਰਨੈਸ਼ਨਲ ਡੈਸਕ- ਲੋੜ ਤੋਂ ਜ਼ਿਆਦਾ ਗੁੱਸਾ ਤੁਹਾਡੇ ਸਰੀਰ ’ਚ ਪੁਰਾਣੇ ਦਰਦ ਨੂੰ ਹੋਰ ਵੀ ਵਧਾ ਸਕਦਾ ਹੈ। ਹਾਲ ਹੀ ’ਚ ਯੇਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਦੇ ਮਾਹਿਰਾਂ ਨੇ ਇਸ ਸਬੰਧੀ ਇਕ ਮਹੱਤਵਪੂਰਨ ਅਧਿਐਨ ਕੀਤਾ ਹੈ। ਅਧਿਐਨ ’ਚ ਪਾਇਆ ਗਿਆ ਕਿ ਗੁੱਸਾ, ਜਦੋਂ ਬੇਇਨਸਾਫ਼ੀ ਮਹਿਸੂਸ ਕਰਨ ਦੀਆਂ ਭਾਵਨਾਵਾਂ ਨਾਲ ਮਿਲ ਜਾਂਦਾ ਹੈ, ਤਾਂ ਇਹ ਲੋਕਾਂ ਨੂੰ ਸਰੀਰਕ ਅਤੇ ਭਾਵਨਾਤਮਕ ਦੁੱਖ ਦੇ ਇਕ ਖ਼ਤਰਨਾਕ ਚੱਕਰ ’ਚ ਫਸਾ ਸਕਦਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
700 ਤੋਂ ਵੱਧ ਲੋਕਾਂ ’ਤੇ ਅਧਿਐਨ
ਮਾਹਿਰਾਂ ਨੇ ਪੁਰਾਣੇ ਦਰਦ ਤੋਂ ਪੀੜਤ 700 ਤੋਂ ਵੱਧ ਲੋਕਾਂ ’ਤੇ ਇਹ ਅਧਿਐਨ ਕੀਤਾ। ਇਨ੍ਹਾਂ ’ਚ ਮਸਕੂਲੋਸਕੇਲੇਟਲ ਅਤੇ ਨਿਊਰੋਪੈਥਿਕ ਦਰਦ ਵਰਗੀਆਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਸ਼ਾਮਲ ਸਨ। ਲੋਕਾਂ ਨੂੰ 4 ਵੱਖ-ਵੱਖ ਗੁੱਸੇ ਦੀ ਪ੍ਰੋਫਾਈਲ ’ਚ ਵੰਡਿਆ ਗਿਆ। ਇਸ ਦੌਰਾਨ ਇਹ ਦੇਖਿਆ ਗਿਆ ਕਿ ਲੋਕ ਕਿੰਨੀ ਵਾਰ ਗੁੱਸਾ ਮਹਿਸੂਸ ਕਰਦੇ ਹਨ, ਉਹ ਇਸ ਨੂੰ ਕਿਸ ਤਰ੍ਹਾਂ ਜ਼ਾਹਿਰ ਕਰਦੇ ਹਨ ਜਾਂ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਹਨ। ਮਾਹਿਰਾਂ ਨੇ ਪਾਇਆ ਕਿ ਜਿਨ੍ਹਾਂ ਮਰੀਜ਼ਾਂ ’ਚ ਗੁੱਸਾ ਅਤੇ ਬੇਇਨਸਾਫ਼ੀ ਦੀਆਂ ਭਾਵਨਾਵਾਂ ਦਾ ਪੱਧਰ ਸਭ ਤੋਂ ਵੱਧ ਸੀ, ਉਨ੍ਹਾਂ ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ ਸੀ। ਇਹ ਲੋਕ ਜ਼ਿਆਦਾ ਦਰਦ, ਅਪਾਹਜਤਾ ਅਤੇ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਇਹ ਸਥਿਤੀ ਸਿਰਫ ਮੁਲਾਂਕਣ ਦੇ ਸਮੇਂ ਹੀ ਨਹੀਂ ਸੀ, ਸਗੋਂ ਕਈ ਮਹੀਨਿਆਂ ਬਾਅਦ ਵੀ ਜਾਰੀ ਰਹੀ। ਉਥੇ ਹੀ ਜਿਨ੍ਹਾਂ ਲੋਕਾਂ ਨੇ ਆਪਣੇ ਗੁੱਸੇ ਨੂੰ ਬਿਹਤਰ ਢੰਗ ਨਾਲ ਕਾਬੂ ਕੀਤਾ ਅਤੇ ਆਪਣੀ ਸਥਿਤੀ ਨੂੰ ਘੱਟ ਗੁੱਸੇ ਨਾਲ ਦੇਖਿਆ, ਉਨ੍ਹਾਂ ਦੇ ਨਤੀਜੇ ਕਿਤੇ ਬਿਹਤਰ ਰਹੇ।
ਮਨੋਵਿਗਿਆਨਕ ਮਦਦ ਵੀ ਜ਼ਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਲੋਕ ਆਪਣੇ ਗੁੱਸੇ ਅਤੇ ਬੇਇਨਸਾਫ਼ੀ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਸਹੀ ਢੰਗ ਨਾਲ ਪ੍ਰਗਟ ਕਰਨ (ਜਿਵੇਂ ਕਿ ਭਾਵਨਾਵਾਂ ਨੂੰ ਜਾਣਨ ਅਤੇ ਪ੍ਰਗਟਾਵੇ ਦੀ ਥੈਰੇਪੀ), ਤਾਂ ਇਹ ਕੋਸ਼ਿਸ਼ ਦਵਾਈ ਦੇ ਨਾਲ ਮਿਲ ਕੇ ਲੰਬੇ ਸਮੇਂ ਦੇ ਦਰਦ ਨੂੰ ਘਟਾ ਸਕਦੀ ਹੈ। ਜੇ ਤੁਸੀਂ ਗੁੱਸੇ ਵਾਲੇ ਸੁਭਾਅ ਦੇ ਹੋ ਅਤੇ ਬੀਮਾਰੀ ਜਾਂ ਇਲਾਜ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹੋ ਤਾਂ ਤੁਹਾਡੇ ਲਈ ਮਨੋਵਿਗਿਆਨਕ ਮਦਦ ਲੈਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਦਵਾਈ ਲੈਣਾ।
