ਬਾਜ਼ਾਰੂ ਕੋਲਡ ਡਰਿੰਕਸ ਨੂੰ ਮਾਰੋ ਗੋਲੀ! ਸਿੱਖੋ ਘਰ ''ਚ ਚਟਪਟਾ ਤੇ ਸਿਹਤਮੰਦ ''ਕਾਂਜੀ ਵੜਾ'' ਬਣਾਉਣ ਦਾ ਸਹੀ ਤਰੀਕਾ
Wednesday, Feb 25, 2026 - 03:10 PM (IST)
ਵੈੱਬ ਡੈਸਕ - ਜਿਵੇਂ-ਜਿਵੇਂ ਗਰਮੀ ਦਾ ਪਾਰਾ ਚੜ੍ਹ ਰਿਹਾ ਹੈ, ਸਰੀਰ 'ਚ ਪਾਣੀ ਦੀ ਕਮੀ ਅਤੇ ਪਾਚਨ ਦੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਅਜਿਹੇ 'ਚ ਬਾਜ਼ਾਰੂ ਕੋਲਡ ਡਰਿੰਕਸ ਦੀ ਬਜਾਏ ਘਰ ਵਿੱਚ ਬਣੀ 'ਕਾਂਜੀ' ਸਭ ਤੋਂ ਬਿਹਤਰ ਵਿਕਲਪ ਹੈ। ਰਾਈ (ਸਰ੍ਹੋਂ) ਦੇ ਪਾਣੀ ਨਾਲ ਤਿਆਰ ਕੀਤੀ ਇਹ ਕਾਂਜੀ ਨਾ ਸਿਰਫ਼ ਸਰੀਰ ਦੀ ਗਰਮੀ ਨੂੰ ਦੂਰ ਕਰਦੀ ਹੈ, ਸਗੋਂ ਇਹ ਪ੍ਰੋਬਾਇਓਟਿਕਸ ਨਾਲ ਭਰਪੂਰ ਹੋਣ ਕਾਰਨ ਪੇਟ ਨੂੰ ਵੀ ਸਾਫ਼ ਰੱਖਦੀ ਹੈ।
ਕਾਂਜੀ ਬਣਾਉਣ ਲਈ ਸਮੱਗਰੀ :-
ਪਾਣੀ : 2 ਲੀਟਰ (ਉਬਾਲ ਕੇ ਠੰਢਾ ਕੀਤਾ ਹੋਇਆ)
ਪੀਸੀ ਹੋਈ ਰਾਈ (ਸਰ੍ਹੋਂ) : 2-3 ਵੱਡੇ ਚਮਚ
ਨਮਕ : ਸਵਾਦ ਅਨੁਸਾਰ (ਕਾਲਾ ਨਮਕ ਵਰਤਣਾ ਵਧੇਰੇ ਫਾਇਦੇਮੰਦ ਹੈ)
ਲਾਲ ਮਿਰਚ ਤੇ ਹਲਦੀ : ਅੱਧਾ ਚਮਚ
ਹਿੰਗ : ਚੁਟਕੀ ਭਰ
ਵੜੇ ਬਣਾਉਣ ਲਈ ਸਮੱਗਰੀ :-
ਮੂੰਗੀ ਦੀ ਧੋਤੀ ਦਾਲ : 1 ਕੱਪ (ਭਿਉਂ ਕੇ ਪੀਸੀ ਹੋਈ)
ਤੇਲ : ਤਲਣ ਲਈ
ਬਣਾਉਣ ਦਾ ਤਰੀਕਾ :-
ਕਾਂਜੀ ਦਾ ਪਾਣੀ ਤਿਆਰ ਕਰੋ
- ਸਭ ਤੋਂ ਪਹਿਲਾਂ ਇਕ ਕੱਚ ਦੇ ਮਰਤਬਾਨ ਜਾਂ ਭਾਂਡੇ ਵਿੱਚ ਪਾਣੀ ਲਓ। ਇਸ 'ਚ ਰਾਈ, ਕਾਲਾ ਨਮਕ, ਹਲਦੀ, ਲਾਲ ਮਿਰਚ ਅਤੇ ਹਿੰਗ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 2 ਤੋਂ 3 ਦਿਨਾਂ ਲਈ ਧੁੱਪ 'ਚ ਜਾਂ ਕਿਸੇ ਨਿੱਘੀ ਥਾਂ 'ਤੇ ਰੱਖੋ ਤਾਂ ਜੋ ਇਸ ਵਿੱਚ ਖਮੀਰ ਉੱਠ ਸਕੇ ਅਤੇ ਪਾਣੀ ਖੱਟਾ ਹੋ ਜਾਵੇ।
ਵੜੇ ਤਿਆਰ ਕਰੋ
- ਪੀਸੀ ਹੋਈ ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਫੈਂਟ ਲਓ ਤਾਂ ਜੋ ਉਹ ਹਲਕੀ ਹੋ ਜਾਵੇ। ਹੁਣ ਗਰਮ ਤੇਲ 'ਚ ਛੋਟੇ-ਛੋਟੇ ਵੜੇ ਤਲ ਲਓ। ਤਲਣ ਤੋਂ ਬਾਅਦ ਇਨ੍ਹਾਂ ਨੂੰ ਹਲਕੇ ਗਰਮ ਪਾਣੀ 'ਚ ਪਾ ਦਿਓ ਤਾਂ ਜੋ ਵਾਧੂ ਤੇਲ ਨਿਕਲ ਜਾਵੇ ਅਤੇ ਵੜੇ ਨਰਮ ਹੋ ਜਾਣ।
ਸਰਵ ਕਰਨ ਦਾ ਤਰੀਕਾ
- ਜਦੋਂ ਕਾਂਜੀ ਦਾ ਪਾਣੀ ਤਿਆਰ ਹੋ ਜਾਵੇ, ਤਾਂ ਵੜਿਆਂ ਨੂੰ ਪਾਣੀ 'ਚੋਂ ਨਿਚੋੜ ਕੇ ਕਾਂਜੀ ਵਾਲੇ ਮਰਤਬਾਨ ਵਿੱਚ ਪਾ ਦਿਓ। 2-3 ਘੰਟਿਆਂ ਬਾਅਦ ਜਦੋਂ ਵੜੇ ਕਾਂਜੀ ਦਾ ਪਾਣੀ ਸੋਖ ਲੈਣ, ਤਾਂ ਇਸ ਨੂੰ ਠੰਢਾ-ਠੰਢਾ ਸਰਵ ਕਰੋ।
