ਕੋਰੋਨਾ ਮਰੀਜ਼ਾਂ ''ਤੇ ਹੋਵੇਗਾ ਟੀਕੇ ਦਾ ਟ੍ਰਾਇਲ, ਕੰਪਨੀ 15 ਲੱਖ ਖੁਰਾਕਾਂ ਦੇਵੇਗੀ ਫ੍ਰੀ

Tuesday, Apr 07, 2020 - 05:50 PM (IST)

ਕੋਰੋਨਾ ਮਰੀਜ਼ਾਂ ''ਤੇ ਹੋਵੇਗਾ ਟੀਕੇ ਦਾ ਟ੍ਰਾਇਲ, ਕੰਪਨੀ 15 ਲੱਖ ਖੁਰਾਕਾਂ ਦੇਵੇਗੀ ਫ੍ਰੀ

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਡਾਕਟਰ ਅਤੇ ਵਿਗਿਆਨੀ ਕੋਵਿਡ-19 ਦੇ ਇਲਾਜ ਦਾ ਕੋਈ ਟੀਕਾਂ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਖਬਰ ਹੈ ਕਿ ਜਿਹੜੀ ਦਵਾਈ ਨਾਲ ਇਬੋਲਾ ਦੇ ਇਲਾਜ ਵਿਚ ਮਦਦ ਮਿਲੀ ਸੀ, ਹੁਣ ਉਸ ਦਾ ਕਲੀਨਿਕਲ ਟ੍ਰਾਇਲ ਕੋਰੋਨਾਵਾਇਰਸ ਇਨਫੈਕਟਿਡ ਮਰੀਜ਼ਾਂ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਵਾਈ ਦਾ ਨਾਮ remdesivir ਹੈ ਅਤੇ ਇਸ ਨੂੰ ਅਮਰੀਕਾ ਦੇ ਕੈਲਫੋਰਨੀਆ ਦੀ ਕੰਪਨੀ ਗਿਲੀਡ ਸਾਈਂਸੇਜ ਨੇ ਤਿਆਰ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 15 ਲੱਖ ਡੋਜ਼ ਮਤਲਬ ਖੁਰਾਕਾਂ ਫ੍ਰੀ ਦੇਵੇਗੀ।

ਆਸ ਕੀਤੀ ਜਾ ਰਹੀ ਹੈ ਕਿ ਕੰਪਨੀ ਦੇ ਟ੍ਰਾਇਲ ਵਿਚ ਸੈਂਕੜੇ ਕੋਰੋਨਾਵਾਇਰਸ ਮਰੀਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੂਲ ਰੂਪ ਨਾਲ ਇਸ ਦਵਾਈ ਨੂੰ ਇਬੋਲਾ ਨਾਲ ਲੜਨ ਲਈ ਬਣਾਇਆ ਗਿਆ ਸੀ। ਕੋਰੋਨਾਵਾਇਰਸ ਜਿਸ ਪ੍ਰੋਟੀਨ ਦੀ ਮਦਦ ਨਾਲ ਫੈਲਦਾ ਹੈ। ਉਸ ਨੂੰ ਇਹ ਦਵਾਈ ਬਲੌਕ ਕਰਨ ਦਾ ਕੰਮ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ 15 ਲੱਖ ਫ੍ਰੀ ਖੁਰਾਕਾਂ ਉਪਲਬਧ ਕਰਾਏਗੀ। ਇਸ ਨਾਲ 1.4 ਲੱਖ ਟ੍ਰੀਟਮੈਂਟ ਕੋਰਸ ਫ੍ਰੀ ਹੋ ਜਾਵੇਗਾ। ਖਾਸ ਗੱਲ ਇਹ ਹੈ ਕਿ ਅਮਰੀਕਾ ਦਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੀ remdesivir ਦਵਾਈ ਨੂੰ ਲੈ ਕੇ ਅਧਿਐਨ ਕਰ ਰਿਹਾ ਹੈ।ਇੰਸਟੀਚਿਊਟ ਵੱਲੋਂ ਸ਼ੁਰੂਆਤ ਵਿਚ 440 ਮਰੀਜ਼ਾਂ 'ਤੇ ਪਰੀਖਣ ਕੀਤਾ ਜਾਵੇਗਾ ਪਰ ਗਿਲੀਡ ਸਾਈਂਸੇਜ ਕੰਪਨੀ ਨੇ ਆਪਣੇ ਵੱਲੋ ਵੀ ਟ੍ਰਾਇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਦੂਜੇ ਪਾਸੇ ਬਿਲ ਗੇਟਸ ਤੋਂ ਫੰਡ ਹਾਸਲ ਕਰਨ ਵਾਲੀ ਕੰਪਨੀ ਇਨੋਵਿਓ ਫਾਰਮਸੂਟੀਕਲ ਨੇ ਵੀ ਅਮਰੀਕਾ ਵਿਚ ਕੋਰੋਨਾਵਾਇਰਸ ਟੀਕੇ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਨੋਵਿਓ ਨੇ ਕਿਹਾ ਹੈ ਕਿ ਉਹ ਸਾਲ ਦੇ ਅਖੀਰ ਤੱਕ ਟੀਕੇ ਦੀਆਂ 10 ਲੱਖ ਖੁਰਾਕਾਂ ਤਿਆਰ ਕਰ ਸਕਦੀ ਹੈ। ਇਨੋਵਿਓ ਅਮਰੀਕਾ ਦੇ ਪਿਟਸਬਰਗ, ਪੈਨਸਿਲਵੇਨੀਆ, ਮਿਸੌਰੀ ਅਤੇ ਕੰਸਾਸ ਵਿਚ ਇਹ ਟ੍ਰਾਇਲ ਕਰੇਗੀ। ਕੰਪਨੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਵੈਕਸੀਨ ਟ੍ਰਾਇਲ ਲਈ ਵਾਲੰਟੀਅਰਜ਼ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੂੰ ਆਸ ਹੈ ਕਿ ਇਨਸਾਨਾਂ 'ਤੇ ਜਿਹੜਾ ਟ੍ਰਾਇਲ ਕੀਤਾ ਜਾਵੇਗਾ ਉਸ ਦਾ ਡਾਟਾ ਗਰਮੀਆਂ ਤੱਕ ਸਾਹਮਣੇ ਆ ਜਾਵੇਗਾ। ਕੰਪਨੀ ਨੇ ਆਸ ਜ਼ਾਹਰ ਕੀਤੀ ਹੈ ਕਿ ਸਾਲ ਦੇ ਅਖੀਰ ਤੱਕ ਟੀਕੇ ਦੀਆਂ 10 ਲੱਖ ਖੁਰਾਕਾਂ ਤਿਆਰ ਕੀਤੀਆਂ ਜਾਣਗੀਆਂ।

ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ 40 ਸਿਹਤਮੰਦ ਲੋਕਾਂ 'ਤੇ ਟ੍ਰਾਇਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ। 40 ਲੋਕਾਂ ਦੇ ਟੈਸਟ ਦੇ ਬਾਅਦ ਇਹ ਤੈਅ ਕੀਤਾ ਜਾਵੇਗਾ ਕੀ ਵੱਡੇ ਪੱਧਰ 'ਤੇ ਟੀਕੇ ਦਾ ਟ੍ਰਾਇਲ ਕੀਤਾ ਜਾਵੇ ਜਾਂ ਨਹੀਂ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਜੇਕਰ ਅਧਿਐਨ ਸਫਲ ਹੁੰਦਾ ਹੈ, ਫਿਰ ਵੀ ਵੱਡੇ ਪੱਧਰ 'ਤੇ ਟੀਕੇ ਦੀ ਖੁਰਾਕ ਉਪਲਬਧ ਹੋਣ ਵਿਚ ਸਾਲ ਭਰ ਦਾ ਸਮਾਂ ਲੱਗ ਸਕਦਾ ਹੈ। ਦੁਨੀਆ ਭਰ ਵਿਚ ਕਈ ਹੋਰ ਗਰੁੱਪ ਵੀ ਕੋਰੋਨਾ ਨਾਲ ਸਬੰਧਤ ਟੀਕੇ ਦੇ ਟੈਸਟ ਦੀ ਤਿਆਰੀ ਕਰ ਰਹੇ ਹਨ। ਸਾਰੇ ਵੱਖ-ਵੱਖ ਤਰ੍ਹਾਂ ਦੇ ਟੀਕੇ 'ਤੇ ਕੰਮ ਕਰ ਰਹੇ ਹੋਣ ਕਾਰਨ ਇਹ ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਕੋਈ ਇਕ ਟੀਕਾ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਇਨੋਵਿਓ ਨੇ ਜਿਹੜਾ ਟੀਕਾ ਤਿਆਰ ਕੀਤਾ ਹੈ ਉਸ ਨੂੰ 'ਡੀ.ਐੱਨ.ਏ.' ਵੈਕਸੀਨ ਕਿਹਾ ਜਾ ਰਿਹਾ ਹੈ। ਇਹ ਵਾਇਰਸ ਦੇ ਜੈਨੇਟਿਕ ਕੋਡ ਅਤੇ ਸਿੰਥੇਟਿਕ ਡੀ.ਐੱਨ.ਏ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਕੰਪਨੀ ਵੱਲੋਂ ਹਰ ਵਾਲੰਟੀਅਰ ਨੂੰ 4 ਹਫਤੇ ਦੇ ਅੰਤਰਾਲ 'ਤੇ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।


author

Vandana

Content Editor

Related News