ਸਿੱਖ ਅਮਰੀਕੀ ਅਟਾਰਨੀ ਜਨਰਲ 'ਤੇ ਨਸਲੀ ਟਿੱਪਣੀ ਕਰਨ ਵਾਲੇ ਰੇਡੀਓ ਹੋਸਟ ਮੁਅੱਤਲ, ਮੰਗੀ ਮੁਆਫੀ

Friday, Jul 27, 2018 - 05:29 PM (IST)

ਸਿੱਖ ਅਮਰੀਕੀ ਅਟਾਰਨੀ ਜਨਰਲ 'ਤੇ ਨਸਲੀ ਟਿੱਪਣੀ ਕਰਨ ਵਾਲੇ ਰੇਡੀਓ ਹੋਸਟ ਮੁਅੱਤਲ, ਮੰਗੀ ਮੁਆਫੀ

ਨਿਊਯਾਰਕ (ਭਾਸ਼ਾ)— ਅਮਰੀਕਾ ਦੇ ਪਹਿਲੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ 'ਤੇ ਨਸਲੀ ਟਿੱਪਣੀਆਂ ਕਰਨ ਵਾਲੇ ਦੋ ਰੇਡੀਓ ਹੋਸਟਾਂ ਨੇ ਮੁਆਫੀ ਮੰਗੀ ਹੈ। ਦੋਹਾਂ ਨੂੰ 'ਇਤਰਾਜ਼ਯੋਗ ਅਤੇ ਗਲਤ ਭਾਸ਼ਾ' ਦੀ ਵਰਤੋਂ ਕਰਨ ਕਾਰਨ 10 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਹ 6 ਅਗਸਤ ਤੱਕ ਕੋਈ ਵੀ ਪ੍ਰੋਗਰਾਮ ਪੇਸ਼ ਨਹੀਂ ਕਰ ਸਕਣਗੇ। 
ਦੋਵੇਂ ਹੋਸਟਾਂ ਅਤੇ ਮੁਖੀ ਨੇ ਮੰਗੀ ਮੁਆਫੀ
ਐੱਨ.ਜੇ. 101.5 ਐੱਫ.ਐੱਮ. 'ਤੇ 'ਡੈਨਿਸ ਐਂਡ ਜੂਡੀ ਸ਼ੋਅ' ਪੇਸ਼ ਕਰਨ ਵਾਲੇ ਡੈਨਿਸ ਮੋਲੋਏ ਅਤੇ ਜੂਡੀ ਫ੍ਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ 'ਤੇ ਇਸਤਗਾਸਾ ਪੱਖ ਨੂੰ ਮੁਅੱਤਲ ਕਰਨ ਦੇ ਗਰੇਵਾਲ ਦੇ ਫੈਸਲੇ 'ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ 'ਦਸਤਾਰਧਾਰੀ ਵਿਅਕਤੀ' ਦੇ ਤੌਰ 'ਤੇ ਸੰਬੋਧਿਤ ਕੀਤਾ ਸੀ। ਉਨ੍ਹਾਂ ਦੇ ਪ੍ਰੋਗਰਾਮ ਦੀ ਆਡੀਓ ਵਾਇਰਲ ਹੋਣ ਦੇ ਬਾਅਦ ਦੋਹਾਂ ਰੇਡੀਓ ਹੋਸਟਾਂ ਨੂੰ ਵੱਡੇ ਪੱਧਰ 'ਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਮੋਲੋਏ ਨੇ ਇਕ ਵੀਡੀਓ ਸੰਦੇਸ਼ ਵਿਚ ਆਪਣੇ ਅਤੇ ਫ੍ਰੈਂਕੋ ਵੱਲੋਂ ਮੁਆਫੀ ਮੰਗੀ। ਉਸ ਨੇ ਕਿਹਾ,''ਜੂਡੀ ਅਤੇ ਮੇਰੇ ਵੱਲੋਂ ਅਸੀਂ ਆਪਣੇ ਪ੍ਰੋਗਰਾਮ ਵਿਚ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਲਈ ਨਿਊਜਰਸੀ ਦੇ ਅਟਾਰਨੀ ਜਨਰਲ ਤੋਂ ਦਿਲੋਂ ਮੁਆਫੀ ਮੰਗਦੇ ਹਾਂ।'' ਉਸ ਨੇ ਕਿਹਾ ਕਿ ਜ਼ਾਹਿਰ ਹੈ ਕਿ ਅਟਾਰਨੀ ਜਨਰਲ ਸਨਮਾਨਯੋਗ ਹਨ। ਸਾਡੇ ਨਿਊਜਰਸੀ ਦੇ ਸਿੱਖਾਂ ਤੇ ਹੋਰ ਏਸ਼ੀਅਨ ਲੋਕਾਂ ਨਾਲ ਬੀਤੇ 20 ਸਾਲਾਂ ਤੋਂ ਚੰਗੇ ਸਬੰਧ ਹਨ। 
ਨਿਊਜਰਸੀ ਦੇ ਐੱਨ.ਜੇ. 101.5 ਐੱਫ.ਐੱਮ. ਦੇ ਮੁਖੀ ਰੌਨ ਡਿਕਾਸਤਰੇ ਨੇ ਵੀ ਬਿਆਨ ਜਾਰੀ ਕਰ ਕੇ ਗੁਰਬੀਰ ਗਰੇਵਾਲ ਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਰੇਡੀਓ ਸਟੇਸ਼ਨ ਨੇ ਇਸ ਗਲਤੀ ਨੂੰ ਗੰਭੀਰਤਾ ਨਾਲ ਲਿਆ ਹੈ।
ਜਾਣੋ ਕੋਣ ਹਨ ਗੁਰਬੀਰ ਗਰੇਵਾਲ
ਗੁਰਬੀਰ ਗਰੇਵਾਲ ਨਿਊਜਰਸੀ ਦੇ 60ਵੇਂ ਅਤੇ ਪਹਿਲੇ ਸਿੱਖ ਅਮਰੀਕੀ ਅਟਾਰਨੀ ਜਨਰਲ ਹਨ। ਉਨ੍ਹਾਂ ਦੀ ਨਿਯੁਕਤੀ 16 ਜਨਵਰੀ 2018 ਨੂੰ ਗਵਰਨਰ ਵੱਲੋਂ ਕੀਤੀ ਗਈ।


Related News