ਅਮਰੀਕੀ ਸੰਸਦ ਮੈਂਬਰਾਂ ਦਾ ਨਿਊ ਇੰਡੀਆ ਨੂੰ ਸਮਰਥਨ, PM ਮੋਦੀ ਤੇ ਅਮਿਤ ਸ਼ਾਹ ਦਾ ਬੰਗਲਾਦੇਸ਼ ਨੂੰ ਸਪਸ਼ਟ ਸੰਦੇਸ਼: ਸੁਖਮਿੰਦਰਪਾਲ ਸਿੰਘ
Friday, Dec 26, 2025 - 10:03 PM (IST)
ਜੈਤੋ (ਰਘੁਨੰਦਨ ਪਰਾਸ਼ਰ) – ਰਾਸ਼ਟਰੀ ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਭੁਖੜੀ ਕਲਾਂ ਨੇ ਕਿਹਾ ਕਿ ਇਹ ਪਲ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦ੍ਰਿੜ ਰਹਿਨੁਮਾਈ ਹੇਠ ਨਿਊ ਇੰਡੀਆ ਦੀ ਅਸਲੀ ਆਤਮਾ ਅਤੇ ਨੈਤਿਕ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ਦੇ ਭਾਰਤੀ ਸੱਚ, ਗੌਰਵ ਅਤੇ ਰਾਸ਼ਟਰੀ ਸਵੈ-ਮਾਣ ਨਾਲ ਪ੍ਰੇਰਿਤ ਹੋ ਕੇ ਇਕ ਸ਼ਕਤੀਸ਼ਾਲੀ ਤਾਕਤ ਵਜੋਂ ਇਕੱਠੇ ਹੋ ਰਹੇ ਹਨ।
ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਦਿਆਂ ਪੰਜਾਬ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਅਤੇ ਦੁਨੀਆ ਭਰ ਦੇ ਭਾਰਤੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਬੰਗਲਾਦੇਸ਼ ਵਿੱਚ ਹਿੰਦੂ ਨਾਗਰਿਕ ਦੀਪੁ ਚੰਦਰ ਦਾਸ ਦੀ ਬੇਰਹਿਮੀ ਨਾਲ ਭੀੜ ਵੱਲੋਂ ਕੀਤੀ ਹੱਤਿਆ ਦੀ ਖੁੱਲ੍ਹ ਕੇ ਅਤੇ ਹਿੰਮਤ ਨਾਲ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਗਲੋਬਲ ਲੋਕਤੰਤਰਕ ਮੰਚਾਂ ਤੋਂ ਉੱਠੀਆਂ ਇਹ ਅੰਤਰਆਤਮਾ ਦੀਆਂ ਆਵਾਜ਼ਾਂ ਸਾਬਤ ਕਰਦੀਆਂ ਹਨ ਕਿ ਮਨੁਖਤਾ, ਨਿਆਂ ਅਤੇ ਨੈਤਿਕ ਜ਼ਿੰਮੇਵਾਰੀ ਅੱਜ ਵੀ ਜਿਊਂਦੀ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੀ ਅਣਮਨੁੱਖੀ ਬੇਰਹਿਮੀ ਨੂੰ ਦੇਖ ਰਹੀ ਹੈ। ਅਮਰੀਕੀ ਕਾਂਗਰਸ ਮੈਂਬਰਾਂ ਦੇ ਸਖ਼ਤ ਬਿਆਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜ਼ੁਲਮ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਹੁਣ ਚੁੱਪੀ ਸਵੀਕਾਰਯੋਗ ਨਹੀਂ।
ਸੁਖਮਿੰਦਰਪਾਲ ਗਰੇਵਾਲ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜ਼ੁਲਮ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਨਿਊ ਇੰਡੀਆ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਰਤ ਨਾ ਤਾਂ ਕਿਸੇ ’ਤੇ ਜ਼ੁਲਮ ਕਰਦਾ ਹੈ ਅਤੇ ਨਾ ਹੀ ਆਪਣੇ 'ਤੇ ਜ਼ੁਲਮ ਸਹਿੰਦਾ ਹੈ। ਅੱਜ ਹਰ ਭਾਰਤੀ ਇਕਜੁੱਟ, ਜਾਗਰੂਕ ਅਤੇ ਦ੍ਰਿੜ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਬਰਬਰ ਘਟਨਾਵਾਂ ਨੇ ਹਰ ਭਾਰਤੀ ਦਾ ਦਿਲ ਦੁਖਾਇਆ ਹੈ ਅਤੇ ਇਹ ਪੀੜ੍ਹਾ ਭੁਲਾਈ ਨਹੀਂ ਜਾਵੇਗੀ। ਇਤਿਹਾਸ ਗਵਾਹ ਹੈ ਕਿ ਇੱਕ ਵਾਰ ਗੁਆਚਿਆ ਸਮਾਂ ਕਦੇ ਵੀ ਵਾਪਸ ਨਹੀਂ ਮਿਲਦਾ। ਅਪਰਾਧੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਪਛਤਾਵਾ ਅਨਿਆਂ ਤੋਂ ਬਾਅਦ ਹੁੰਦਾ ਹੈ, ਅਤੇ ਇਸ ਸੱਚਾਈ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਗਰੇਵਾਲ ਨੇ ਕਿਹਾ ਕਿ ਅੱਜ ਸੰਸਾਰ ਭਾਰਤ ਦੀ ਤਾਕਤ ਅਤੇ ਦ੍ਰਿੜ ਇਰਾਦੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਇਸ ਸਮੇਂ ਗੰਭੀਰ ਊਰਜਾ ਸੰਕਟ ਦੇ ਕੰਢੇ ਖੜ੍ਹਾ ਹੈ ਅਤੇ ਉਸ ਦੀ ਵੱਡੀ ਊਰਜਾ ਨਿਰਭਰਤਾ ਭਾਰਤ ’ਤੇ ਹੈ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਤੋਂ ਬਿਜਲੀ ਆਯਾਤ ਵਿੱਚ ਲਗਭਗ 70 ਫੀਸਦੀ ਵਾਧਾ ਹੋਇਆ ਹੈ ਅਤੇ ਬੰਗਲਾਦੇਸ਼ ਦੀ ਕੁੱਲ ਬਿਜਲੀ ਦਾ ਕਰੀਬ 17 ਫੀਸਦੀ ਭਾਰਤ ਤੋਂ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ, ਸਥਿਰਤਾ ਅਤੇ ਸਹਿ-ਅਸਤਿਤਵ ਵਿੱਚ ਵਿਸ਼ਵਾਸ ਕਰਦਾ ਹੈ ਪਰ ਨਿਆਂ, ਗੌਰਵ ਅਤੇ ਅਲਪਸੰਖਿਆਕਾਂ ਦੀ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਦੁਨੀਆ ਵਿੱਚ ਕਿਤੇ ਵੀ ਭਾਰਤੀਆਂ ਜਾਂ ਹਿੰਦੂਆਂ ’ਤੇ ਹੋਣ ਵਾਲਾ ਜ਼ੁਲਮ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
