ਜਨਰਲ ਹਾਊਸ ’ਚ ਲਹਿਰਾਈ ‘ਜਗ ਬਾਣੀ’, ਕਾਂਗਰਸੀ ਕੌਂਸਲਰ ਅਰੁਣ ਸ਼ਰਮਾ ਨੇ ਚੁੱਕਿਆ ਨਕਲੀ ਏ. ਟੀ. ਪੀ. ਦਾ ਮੁੱਦਾ
Saturday, Dec 27, 2025 - 04:33 PM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਕਮਿਸ਼ਨਰ ਵੱਲੋਂ 4 ਰੈਗੂਲਰ ਏ. ਟੀ. ਪੀ. ਖਾਲੀ ਬੈਠੇ ਹੋਣ ਦੇ ਬਾਵਜੂਦ ਇੰਸਪੈਕਟਰ ਜਾਂ ਹੈੱਡ ਡਰਾਫਟਸਮੈਨ ਨੂੰ ਚਾਰਜ ਦੇਣ ਦੀ ਗੂੰਜ ਸ਼ੁੱਕਰਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ ਵਿਚ ਵੀ ਸੁਣਾਈ ਦਿੱਤੀ। ਕਾਂਗਰਸੀ ਕੌਂਸਲਰ ਅਰੁਣ ਸ਼ਰਮਾ ਨੇ ‘ਜਗ ਬਾਣੀ’ ’ਚ ਛਪੀਆਂ ਖ਼ਬਰਾਂ ਨੂੰ ਅਾਧਾਰ ਬਣਾ ਕੇ ਨਕਲੀ ਏ. ਟੀ. ਪੀ. ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ’ਤੇ ਨਾਜਾਇਜ਼ ਬਿਲਡਿੰਗਾਂ ਬਣਵਾਉਣ ਲਈ ਲੱਖਾਂ ਰੁਪਏ ਲੈਣ ਦਾ ਦੋਸ਼ ਲਾਇਆ।
ਕੌਂਸਲਰ ਮੁਤਾਬਕ ਜਿਸ ਤਰ੍ਹਾਂ ਕਮਿਸ਼ਨਰ ਵਲੋਂ ਸਫਾਈ ਵਿਵਸਥਾ ਦਾ ਜਾਇਜ਼ਾ ਲੈਣ ਲਈ ਸੀਨੀਅਰ ਡਿਪਟੀ ਮੇਅਰ ਦੇ ਪਿੱਛੇ ਸਕੂਟਰ ’ਤੇ ਜਾਇਜ਼ਾ ਲੈਣ ਲਈ ਸੀਨੀਅਰ ਡਿਪਟੀ ਮੇਅਰ ਦੇ ਪਿੱਛੇ ਸਕੂਟਰ ’ਤੇ ਬੈਠ ਕੇ ਪੁਰਾਣੇ ਸ਼ਹਿਰ ਦੇ ਏਰੀਆ ਵਿਚ ਵਿਜ਼ਿਟ ਕੀਤੀ ਗਈ ਹੈ, ਉਸੇ ਤਰ੍ਹਾਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਦੀ ਵੀ ਚੈਕਿੰਗ ਕੀਤੀ ਜਾਵੇ, ਕਿਉਂਕਿ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਅਤੇ ਉਨ੍ਹਾਂ ਦਾ ਜੁਰਮਾਨਾ ਨਗਰ ਨਿਗਮ ਦੇ ਖਜ਼ਾਨੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ ਆਪਣੇ ਘਰ ਭਰ ਰਹੇ ਹਨ।
ਕੌਂਸਲਰ ਸ਼ਰਮਾ ਨੇ ਕਿਹਾ ਕਿ ਬਿਲਡਿੰਗਾਂ ਚੈੱਕ ਕਰਨ ਦੀ ਜ਼ਿੰਮੇਦਾਰੀ ਨਗਰ ਨਿਗਮ ਅਫਸਰਾਂ ਦੀ ਹੈ ਅਤੇ ਜੇਕਰ ਉਹ ਸਹੀ ਤਰੀਕੇ ਨਾਲ ਇਹ ਕੰਮ ਕਰਨ ਤਾਂ ਨਗਰ ਨਿਗਮ ਨੂੰ ਕਰੋੜਾਂ ਦਾ ਰੈਵੇਨਿਊ ਆ ਸਕਦਾ ਹੈ। ਇਸ ਮਾਮਲੇ ’ਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਦੇ ਬਚਾਅ ’ਚ ਕੌਂਸਲਰ ਸ਼ਰਮਾ ਨੂੰ ਦੋਸ਼ ਸਾਬਿਤ ਕਰਨ ਨੂੰ ਕਿਹਾ ਅਤੇ ਕਮਿਸ਼ਨਰ ਨੇ ਇਸ ਸਬੰਧ ਵਿਚ ਸ਼ਿਕਾਇਤ ਦੇਣ ਦੀ ਗੱਲ ਕਹੀ। ਭਾਵੇਂ 4 ਰੈਗੂਲਰ ਏ. ਟੀ. ਪੀ. ਖਾਲੀ ਬੈਠੇ ਹੋਣ ਦੇ ਬਾਵਜੂਦ ਸਰਕਾਰ ਦੇ ਨਿਰਦੇਸ਼ਾਂ ਦੇ ਉਲਟ ਇੰਸਪੈਕਟਰ ਜਾਂ ਹੈੱਡ ਡਰਾਫਟਸਮੈਨ ਨੂੰ ਦਿੱਤਾ ਗਿਆ ਚਾਰਜ ਵਾਪਸ ਲੈਣ ਨੂੰ ਲੈ ਕੇ ਕਮਿਸ਼ਨਰ ਵਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ।
ਸੀਨੀਅਰ ਡਿਪਟੀ ਮੇਅਰ ਨੇ ਪੇਸ਼ ਕੀਤਾ 11 ਮਹੀਨਿਆਂ ਦਾ ਰਿਪੋਰਟ ਕਾਰਡ
ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਨੇ 11 ਮਹੀਨੇ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸੈਸ਼ਨ ਦੌਰਾਨ ਹੁਣ ਤੱਕ ਐੱਫ. ਐਂਡ ਸੀ. ਸੀ. ਵਿਚ ਸੜਕਾਂ, ਪਾਰਕਾਂ, ਪਾਣੀ, ਸੀਵਰੇਜ, ਸਟ੍ਰੀਟ ਲਾਈਟ ਨਾਲ ਜੁੜੇ ਵਿਕਾਸ ਕਾਰਜਾਂ ਲਈ 2328 ਪ੍ਰਸਤਾਵ ਪਾਸ ਕੀਤੇ ਗਏ ਹਨ, ਜਿਨ੍ਹਾਂ ’ਤੇ 730 ਕਰੋੜ ਖਰਚ ਹੋਵੇਗਾ, ਜਦਕਿ ਪਿਛਲੇ ਸੈਸ਼ਨ ਦੌਰਾਨ 1 ਸਾਲ ਵਿਚ ਸਿਰਫ 1300 ਪ੍ਰਸਤਾਵ ਹੀ ਪਾਸ ਹੋਏ ਸਨ।
ਵਿਧਾਇਕਾਂ ਨੇ ਨਿਭਾਈ ਕੌਂਸਲਰਾਂ ਨੂੰ ਪਹਿਲਾ ਏਜੰਡਾ ਪਾਸ ਕਰਨ ਲਈ ਮਨਾਉਣ ਦੀ ਭੂਮਿਕਾ
ਮੇਅਰ ਨੇ ਭਾਵੇਂ ਜਨਰਲ ਹਾਊਸ ਨੂੰ ਸ਼ਾਂਤੀਪੂਰਨ ਢੰਗ ਨਾਲ ਨਜਿੱਠਣ ਲਈ ਜ਼ੋਨਲ ਕਮਿਸ਼ਨਰ ਲੈਵਲ ’ਤੇ ਕੌਂਸਲਰਾਂ ਦੀਆਂ ਸ਼ਿਕਾਇਤਾਂ ਸੁਣ ਕੇ ਹੱਲ ਕਰਵਾਉਣ ਦਾ ਫਾਰਮੂਲਾ ਵਰਤਿਆ ਸੀ ਅਤੇ ਆਲ ਪਾਰਟੀ ਮੀਟਿੰਗ ’ਚ ਸਾਰੇ ਕੌਂਸਲਰਾਂ ਨੂੰ ਬੋਲਣ ਲਈ 5 ਮਿੰਟ ਦਾ ਸਮਾਂ ਦੇਣ ਦੀ ਗੱਲ ਕਹੀ ਸੀ ਪਰ ਸ਼ੁੱਕਰਵਾਰ ਨੂੰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਰਿਵਾਇਤ ਦੇ ਉਲਟ ਜ਼ੀਰੋ ਆਵਰ ਤੋਂ ਪਹਿਲਾਂ ਏਜੰਡਾ ਪੜ੍ਹਨ ਦੀ ਗੱਲ ਕਹੀ, ਜਿਸ ਦਾ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੇ ਵਿਰੋਧ ਕੀਤਾ ਤਾਂ ਵਿਧਾਇਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਰੱਖਣ ਲਈ ਪੂਰਾ ਸਮਾਂ ਦੇਣ ਦੀ ਗਾਰੰਟੀ ਨਾਲ ਉਨ੍ਹਾਂ ਨੂੰ ਮਨਾਉਣ ਦੀ ਭੂਮਿਕਾ ਨਿਭਾਈ।
ਸ਼ਹੀਦੀ ਹਫਤੇ ’ਚ ਮੀਟਿੰਗ ਬੁਲਾਉਣ ਦਾ ਹੋਇਆ ਵਿਰੋਧ
ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਸ਼ੁਰੂਆਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ ਪਰ ਵਿਧਾਇਕ ਛੀਨਾ ਤੋਂ ਲੈ ਕੇ ਕਈ ਕੌਂਸਲਰਾਂ ਨੇ ਸ਼ਹੀਦੀ ਹਫਤੇ ’ਚ ਮੀਟਿੰਗ ਬੁਲਾਉਣ ਦਾ ਵਿਰੋਧ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
