ਅਮਰੀਕੀ ਕਾਂਗਰਸ ਕਮੇਟੀ ਨੇ ਤਿੱਬਤ ''ਤੇ ਮਹੱਤਵਪੂਰਣ ਬਿੱਲ ਕੀਤਾ ਪਾਸ
Friday, Jul 27, 2018 - 05:23 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਕਾਂਗਰਸ ਦੀ ਇਕ ਪ੍ਰਮੁੱਖ ਕਮੇਟੀ ਨੇ ਤਿੱਬਤ 'ਤੇ ਇਕ ਮਹੱਤਵਪੂਰਣ ਬਿੱਲ ਨੂੰ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ। ਇਸ ਬਿੱਲ ਦੇ ਤਹਿਤ ਤਿੱਬਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਅਮਰੀਕੀਆਂ ਨਾਲ ਪੱਖਪਾਤੀ ਵਿਵਹਾਰ ਲਈ ਜ਼ਿੰਮੇਵਾਰ ਚੀਨੀ ਅਧਿਕਾਰੀਆਂ ਦੇ ਅਮਰੀਕਾ ਦਾਖਲ ਹੋਣ 'ਤੇ ਰੋਕ ਰਹੇਗੀ। ਅਮਰੀਕੀ ਅਧਿਕਾਰੀਆਂ, ਪੱਤਰਕਾਰਾਂ ਅਤੇ ਆਮ ਨਾਗਰਿਕਾਂ ਦੇ ਤਿੱਬਤ ਦੇ ਖੇਤਰ ਵਿਚ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੇ ਪ੍ਰਬੰਧ ਵਾਲਾ ਬਿੱਲ 'ਦੀ ਰੈਸੀਪ੍ਰੋਕਲ ਐਕਸੈੱਸ ਟੂ ਤਿੱਬਤ ਐਕਟ' ਹੁਣ ਪ੍ਰਤੀਨਿਧੀ ਸਭਾ ਵਿਚ ਜਾਵੇਗਾ। ਚੀਨ ਦੀ ਸਰਕਾਰ ਲਗਾਤਾਰ ਅਮਰੀਕੀਆਂ ਨੂੰ ਤਿੱਬਤ ਵਿਚ ਦਾਖਲ ਹੋਣ ਤੋਂ ਰੋਕਦੀ ਰਹੀ ਹੈ। ਬਿੱਲ ਵਿਚ ਪ੍ਰਸਤਾਵ ਹੈ ਕਿ ਅਮਰੀਕੀਆਂ ਨੂੰ ਤਿੱਬਤ ਵਿਚ ਉਸੇ ਤਰ੍ਹਾਂ ਦਾਖਲਾ ਮਿਲਣਾ ਚਾਹੀਦਾ ਹੈ, ਜਿਸ ਤਰ੍ਹਾਂ ਚੀਨੀ ਨਾਗਰਿਕਾਂ ਨੂੰ ਅਮਰੀਕਾ ਵਿਚ ਮਿਲਦਾ ਹੈ। ਬੁੱਧਵਾਰ ਨੂੰ ਹਾਊਸ ਜੁਡੀਸ਼ੀਅਰੀ ਕਮੇਟੀ ਨੇ ਇਸ ਬਿੱਲ ਨੂੰ ਪਾਸ ਕੀਤਾ ਸੀ। ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਮੈਂਬਰ ਬੌਬ ਗੁਡਲਾਟੇ ਨੇ ਕਿਹਾ,''ਇਸ ਬਿੱਲ ਨੂੰ ਪਾਸ ਕਰਨਾ ਸਹੀ ਕਦਮ ਹੋਵੇਗਾ।''