ਦੁਬਾਰਾ ਗਿਣਤੀ ਦੀ ਮੰਗ ’ਤੇ ਕਾਂਗਰਸ ਵਲੋਂ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ
Thursday, Dec 18, 2025 - 12:08 AM (IST)
ਹਲਵਾਰਾ (ਲਾਡੀ) : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਦੀ ਚੱਲ ਰਹੀ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਜ਼ੋਨ ਜੌਹਲਾ, ਆਂਡਲੂ ਅਤੇ ਪਿੰਡ ਡਾਂਗੋ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਬਹੁਤ ਹੀ ਘੱਟ ਵੋਟਾਂ ਦੇ ਫਰਕ ਨਾਲ ਹਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਕਾਂਗਰਸੀ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਵਲੋਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕੀਤੀ ਗਈ, ਪਰ ਜਦੋਂ ਪ੍ਰਸ਼ਾਸਨ ਵੱਲੋਂ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਹਲਕੇ ਵਿਚ ਤਣਾਅ ਦੀ ਸਥਿਤੀ ਬਣ ਗਈ।
ਦੁਬਾਰਾ ਗਿਣਤੀ ਦੀ ਮੰਗ ਰੱਦ ਹੋਣ ’ਤੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕੁਝ ਜ਼ੋਨਾਂ ਵਿਚ ਗਿਣਤੀ ਦੌਰਾਨ ਗੜਬੜ ਹੋਈ ਹੈ ਅਤੇ ਘੱਟ ਵੋਟਾਂ ਦੇ ਫਰਕ ਨੂੰ ਦੇਖਦੇ ਹੋਏ ਦੁਬਾਰਾ ਗਿਣਤੀ ਕਰਵਾਉਣਾ ਉਮੀਦਵਾਰਾਂ ਦਾ ਹੱਕ ਹੈ।
ਧਰਨੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਜਾਂ ਅਨਿਆਂ ਨਹੀਂ ਹੋਵੇਗਾ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖੀ ਜਾਵੇਗੀ।
ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਪ੍ਰਸ਼ਾਸਨ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਦਾ ਭਰੋਸਾ ਦਿੱਤਾ।
